ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਦੇਣ ਧਿਆਨ, EXAMS ਨੂੰ ਲੈ ਕੇ ਆਈ ਵੱਡੀ ਅਪਡੇਟ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਪੇਪਰਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਸਾਲ 2025 ਦੀ ਦੂਜੀ ਤਿਮਾਹੀ ਭਾਵ ਜੁਲਾਈ ਮਹੀਨੇ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ 29 ਅਤੇ 30 ਜੁਲਾਈ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੀ ਉਪ ਸਕੱਤਰ ਡਾ. ਗੁਰਮੀਤ ਕੌਰ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ‘ਤੇ ਪਹਿਲੀ ਜੁਲਾਈ ਨੂੰ ਹੀ ਅਪਲੋਡ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫਾਰਮ ਅਤੇ ਫ਼ੀਸ ਭਰਨ ਦੀ ਆਖ਼ਰੀ ਮਿਤੀ 18 ਜੁਲਾਈ ਅਤੇ ਪ੍ਰੀਖਿਆ ਫਾਰਮ ਦੀ ਹਾਰਡ ਕਾਪੀ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 21 ਜੁਲਾਈ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਯੋਗ ਪਾਏ ਗਏ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ 22 ਜੁਲਾਈ ਤੱਕ ਅਪਲੋਡ ਕਰ ਦਿੱਤੇ ਜਾਣਗੇ। ਪੰਜਾਬੀ ਇਹ ਵਿਸ਼ੇ ਦੀ ਪ੍ਰੀਖਿਆ 29 ਜੁਲਾਈ ਨੂੰ ਅਤੇ ਪੰਜਾਬੀ-ਬੀ ਵਿਸ਼ੇ ਦੀ ਪ੍ਰੀਖਿਆ 30 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਿਤ ਪ੍ਰੀਖਿਆਰਥੀ ਆਪਣੇ ਦਸਵੀਂ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਆਪਣੇ ਨਾਲ ਲੈ ਕੇ ਆਉਣ।

ਨਿਰਧਾਰਤ ਮਿਤੀ ਤੱਕ ਪ੍ਰੀਖਿਆ ਫਾਰਮ ਦੇ ਤਸਦੀਕ ਸ਼ੁਦਾ ਹਾਰਡ ਕਾਪੀ ਦਸਵੀਂ ਪਾਸ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਬਹੁਤ ਹੀ ਜ਼ਰੂਰੀ ਹਨ। ਅਜਿਹਾ ਨਾ ਕਰਨ ‘ਤੇ ਸਬੰਧਿਤ ਪ੍ਰੀਖਿਆਰਥੀ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ। ਜਿਸ ਦੀ ਸਮੁੱਚੀ ਜਿੰਮੇਵਾਰੀ ਸੰਬੰਧਿਤ ਪ੍ਰੀਖਿਆਰਥੀ ਦੀ ਹੋਵੇਗੀ। ਉਹਨਾਂ ਦੱਸਿਆ ਕਿ ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਉਪਲੱਬਧ ਕਰਵਾ ਦਿੱਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *