ਪਾਕਿ ਤੋਂ ਗੁਬਾਰਿਆਂ ਸਣੇ ਉੱਡ ਕੇ ਬੈਨਰ ਨੇ ਅੰਮ੍ਰਿਤਸਰ ”ਚ ਮਚਾ”ਤੀ ਹਲਚਲ, ਸੁਰੱਖਿਆ ਏਜੰਸੀਆਂ ਅਲਰਟ

ਨੈਸ਼ਨਲ ਟਾਈਮਜ਼ ਬਿਊਰੋ :- ਜੰਡਿਆਲਾ ਗੁਰੂ ਖੇਤਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪਾਕਿਸਤਾਨ ਵਾਲੇ ਪਾਸਿਓਂ ਉੱਡ ਕੇ ਆਇਆ ਗੁਬਾਰਿਆਂ ਨਾਲ ਬੱਝਿਆ ਇੱਕ ਸ਼ੱਕੀ ਬੈਨਰ ਇੱਕ ਘਰ ਦੀ ਛੱਤ ‘ਤੇ ਆ ਡਿੱਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਬੈਨਰ ਉੱਤੇ ਲਾਲ, ਨੀਲੇ ਅਤੇ ਕਾਲੇ ਰੰਗ ਦੀ ਵਰਤੋਂ ਕਰਦਿਆਂ ਉਰਦੂ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਨਰ ‘ਤੇ ਪਾਕਿਸਤਾਨ ਵਿੱਚ ਵਰਤੀ ਜਾਣ ਵਾਲੀ ਇੱਕ ਮੈਡੀਕਲ ਕੈਪ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਇੱਕ ਮੋਬਾਈਲ ਨੰਬਰ ਵੀ ਅੰਕਿਤ ਹੈ।

ਜਾਣਕਾਰੀ ਅਨੁਸਾਰ ਇਹ ਬੈਨਰ ਗੁਬਾਰਿਆਂ ਦੇ ਸਹਾਰੇ ਉੱਡਦਾ ਹੋਇਆ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਇਲਾਕੇ ਵਿੱਚ ਦਾਖਲ ਹੋਇਆ। ਪਿੰਡ ਵਾਸੀਆਂ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਉਨ੍ਹਾਂ ਨੇ ਬੱਚਿਆਂ ਨੂੰ ਇਸ ਬੈਨਰ ਨਾਲ ਖੇਡਦੇ ਦੇਖਿਆ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ।

ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਤੇਜ਼ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬੈਨਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਇਹ ਕਿਸੇ ਕੋਡ ਵਰਡ ਰਾਹੀਂ ਸੂਚਨਾ ਭੇਜਣ ਦੀ ਕੋਈ ਕੋਸ਼ਿਸ਼ ਤਾਂ ਨਹੀਂ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਬੈਨਰ ਨੂੰ ਫੋਰੈਂਸਿਕ ਜਾਂਚ ਲਈ ਵੀ ਭੇਜਿਆ ਜਾ ਸਕਦਾ ਹੈ। ਪੁਲਸ ਨੇ ਸਰਹੱਦੀ ਇਲਾਕਿਆਂ ‘ਚ ਨਿਗਰਾਨੀ ਵਧਾ ਦਿੱਤੀ ਹੈ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਅਜਿਹੀ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ, ਤਾਂ ਉਸ ਨੂੰ ਖੁਦ ਛੂਹਣ ਦੀ ਬਜਾਏ ਤੁਰੰਤ ਪੁਲਸ ਨੂੰ ਸੂਚਿਤ ਕਰਨ।

By Gurpreet Singh

Leave a Reply

Your email address will not be published. Required fields are marked *