ਗੁਰਪ੍ਰੀਤ ਸਿੰਘ :- ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੇਜ਼ ਹੋ ਗਈ ਹੈ। ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਜਨਤਕ ਸੂਚਨਾ ਜਾਰੀ ਕੀਤੀ ਹੈ। SIT ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਨ੍ਹਾਂ ਮਾਮਲਿਆਂ ਨਾਲ ਸਬੰਧਤ ਕੋਈ ਵੀ ਅਹਿਮ ਜਾਣਕਾਰੀ ਜਾਂ ਸਬੂਤ ਹਨ ਤਾਂ ਉਹ 95013-43842 ‘ਤੇ ਸੰਪਰਕ ਕਰ ਸਕਦਾ ਹੈ।

SIT ਨੇ ਭਰੋਸਾ ਦਿਵਾਇਆ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਜਾਂਚ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨਸਾਫ਼ ਯਕੀਨੀ ਬਣਾਉਣ ਲਈ ਅੱਗੇ ਆ ਕੇ ਜਾਂਚ ਵਿੱਚ ਸਹਿਯੋਗ ਕਰਨ।
ਇਸ ਤੋਂ ਕੁੱਝ ਦਿਨ ਪਹਿਲਾਂ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਰਿਕਰੀਏਸ਼ਨ (ਸਥਿਤੀ ਦਾ ਮੁੜ ਜਾਇਜ਼ਾ) ਕੀਤਾ ਸੀ। ਦੱਸ ਦਈਏ ਕਿ ਟੀਮ ਸਭ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ, ਫੇਰ ਬਰਗਾੜੀ ਅਤੇ ਅਖੀਰ ਬਹਿਬਲ ਕਲਾਂ ਵਾਲੀ ਜਗ੍ਹਾ ‘ਤੇ ਗਈ ਸੀ।
ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪਿਛਲੇ ਦਿਨੀਂ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ SIT ਦੀ ਕਾਰਵਾਈ ਵਿੱਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਵੀ ਜਾਂਚ ਟੀਮ ਵੱਲੋਂ ਕਈ ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ ਵਿੱਚ ਵਿਜੇ ਸਾਂਪਲਾ, ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਸ਼ਾਮਲ ਹਨ, ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
