ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ BCCI ਦੀ ਸਖ਼ਤ ਕਾਰਵਾਈ

ਗੁਰਪ੍ਰੀਤ ਸਿੰਘ :- ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਮੈਚ ਜਿੱਤਣ ਤੋਂ ਬਾਅਦ ਵਿਵਾਦਾਂ ‘ਚ ਘਿਰ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਉਨ੍ਹਾਂ ਨੂੰ ਆਈਪੀਐੱਲ 2026 ਦੇ ਕੋਡ ਆਫ ਕੰਡਕਟ (ਆਚਾਰ ਸੰਹਿਤਾ) ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ।

ਮੈਚ ਫੀਸ ਦਾ 25 ਫੀਸਦੀ ਲੱਗਿਆ ਜੁਰਮਾਨਾ 

ਬੀਸੀਸੀਆਈ ਵੱਲੋਂ ਜਾਰੀ ਬਿਆਨ ਅਨੁਸਾਰ, ਅਭਿਸ਼ੇਕ ਸ਼ਰਮਾ ਨੇ ਆਈਪੀਐੱਲ ਕੋਡ ਆਫ ਕੰਡਕਟ ਦੇ ਆਰਟੀਕਲ 2.3 ਦੀ ਉਲੰਘਣਾ ਕੀਤੀ ਹੈ, ਜੋ ਮੈਦਾਨ ‘ਤੇ ਅਪਮਾਨਜਨਕ ਜਾਂ ਅਸ਼ਲੀਲ ਭਾਸ਼ਾ ਦੀ ਵਰਤੋਂ ਨਾਲ ਸਬੰਧਤ ਹੈ। ਇਸ ਗਲਤੀ ਲਈ ਉਨ੍ਹਾਂ ‘ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੇ ਖਾਤੇ ‘ਚ ਇਕ ਡੀਮੈਰਿਟ ਪੁਆਇੰਟ ਵੀ ਜੋੜ ਦਿੱਤਾ ਗਿਆ ਹੈ। ਅਭਿਸ਼ੇਕ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ।

2 ਅਪ੍ਰੈਲ ਨੂੰ ਖੇਡੇ ਗਏ ਇਸ ਮੈਚ ‘ਚ ਅਭਿਸ਼ੇਕ ਸ਼ਰਮਾ ਨੇ 48 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ, ਜਿਸ ਨਾਲ ਹੈਦਰਾਬਾਦ ਨੇ ਕੋਲਕਾਤਾ ਨੂੰ 65 ਦੌੜਾਂ ਨਾਲ ਹਰਾਇਆ। ਹਾਲਾਂਕਿ, ਮੈਚ ਦੌਰਾਨ ਉਨ੍ਹਾਂ ਦੇ ਵਿਵਹਾਰ ਨੇ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਦੂਜੇ ਪਾਸੇ, ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਵੀ ਅਭਿਸ਼ੇਕ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਧਿਆਨ ਕ੍ਰਿਕਟ ਤੋਂ ਭਟਕ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਰਟੀਆਂ ਅਤੇ ਰੀਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 31 ਮਾਰਚ ਨੂੰ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ‘ਤੇ ਵੀ ਗੁਜਰਾਤ ਟਾਈਟਨਸ ਵਿਰੁੱਧ ਮੈਚ ਦੌਰਾਨ ਸਲੋ ਓਵਰ ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਜੇਕਰ ਅਈਅਰ ਇਸ ਸੀਜ਼ਨ ‘ਚ ਤੀਜੀ ਵਾਰ ਇਹ ਗਲਤੀ ਦੁਹਰਾਉਂਦੇ ਹਨ, ਤਾਂ ਉਨ੍ਹਾਂ ‘ਤੇ ਇਕ ਮੈਚ ਦੀ ਪਾਬੰਦੀ (ਬੈਨ) ਵੀ ਲੱਗ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *