ਨੈਸ਼ਨਲ ਟਾਈਮਜ਼ ਬਿਊਰੋ :- ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਰਿਆਵਾਂ ਵਿੱਚ ਹੜ੍ਹ ਆ ਗਿਆ ਹੈ, ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ ਹੜ੍ਹ ਦਾ ਖ਼ਤਰਾ ਮੰਡ ਉੱਤੇ ਮੰਡ ਖੇਤਰ ’ਚ ਖੇਤੀ ਕਰਨਾ ਬਹੁਤ ਜੋਖਮ ਭਰਿਆ ਹੈ, ਕਿਉਂਕਿ ਕੋਈ ਨਹੀਂ ਜਾਣਦਾ ਕਿ ਦਰਿਆ ਕਦੋਂ ਆਪਣਾ ਰਸਤਾ ਬਦਲ ਲਵੇਗਾ ਤੇ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਨੂੰ ਰੋੜ੍ਹ ਦੇਵੇਗਾ।
ਇਸ ਸਬੰਧੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਖੇਤਰ ਦਾ ਦੌਰਾ ਕੀਤਾ, ਜਿੱਥੇ ਬਿਆਸ ਦਰਿਆ ਦਾ ਪਾਣੀ ਅਗਲੇ ਬੰਨ੍ਹ ਤੱਕ ਪਹੁੰਚਣ ਕਾਰਨ ਇਲਾਕੇ ਦੇ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਸੀਚੇਵਾਲ ਨੇ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਕਿਸਾਨਾਂ ਨਾਲ ਤਾਲਮੇਲ ਬਣਾਈ ਰੱਖਣ ਤੇ ਜਿੱਥੇ ਵੀ ਬੰਨ੍ਹ ਕਮਜ਼ੋਰ ਦਿਖਾਈ ਦਿੰਦਾ ਹੈ, ਉੱਥੇ ਮਿੱਟੀ ਨਾਲ ਭਰੇ ਰੇਤ ਦੇ ਥੈਲੇ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਹੌਸਲਾ ਦਿੱਤਾ ਤੇ ਭਰੋਸਾ ਦਿੱਤਾ ਕਿ ਉਹ ਹਰ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਢਿਲਵਾਂ ਪੁਲ ਦੇ ਨੇੜੇ 80,000 ਕਿਊਸਿਕ ਪਾਣੀ ਵਹਿ ਰਿਹਾ ਹੈ। ਜੇਕਰ ਇਹ ਵਹਾਅ 1,00,000 ਕਿਊਸਿਕ ਤੋਂ ਵੱਧ ਜਾਂਦਾ ਹੈ, ਤਾਂ ਐਡਵਾਂਸ ਬੰਨ੍ਹ ਦੇ ਸੰਵੇਦਨਸ਼ੀਲ ਹਿੱਸਿਆਂ ਵਿੱਚ ਤਰੇੜਾਂ ਦਾ ਖ਼ਤਰਾ ਵੱਧ ਜਾਵੇਗਾ। ਜ਼ਿਕਰਯੋਗ ਹੈ ਕਿ ਬਿਆਸ ਦਰਿਆ ਦੇ ਅੰਦਰ ਸਥਿਤ ਐਡਵਾਂਸ ਬੰਨ੍ਹ ਕਈ ਥਾਵਾਂ ’ਤੇ ਅਸੁਰੱਖਿਅਤ ਦੱਸੇ ਜਾ ਰਹੇ ਹਨ। 2023 ਵਿੱਚ ਇਸ ਬੰਨ੍ਹ ਦੇ ਟੁੱਟਣ ਨਾਲ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਹਰ ਸਾਲ ਇਸ ਖੇਤਰ ਵਿੱਚ ਲਗਭਗ 25,000 ਤੋਂ 30,000 ਏਕੜ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ।