ਗੁਰਪ੍ਰੀਤ ਸਿੰਘ :- ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਪੁਲਸ ਮੁਲਾਜ਼ਮਾਂ ਦੇ ਦਾਖ਼ਲ ਹੋਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਪੁਲਸ ਦੇ ਮੁਲਾਜ਼ਮ ਨੰਗੇ ਸਿਰ ਅਤੇ ਬੂਟ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਏ ਅਤੇ ਮਰਿਆਦਾ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਹਮੇਸ਼ਾ ਲੋੜਵੰਦਾਂ ਨੂੰ ਸ਼ਰਨ ਦਿੰਦੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਵੀ ਸ਼ਰਨ ਦੇਣਾ ਗੁਰੂ ਘਰ ਦੇ ਸਿਧਾਂਤਾਂ ਅਨੁਸਾਰ ਹੈ।
ਦੂਜੇ ਪਾਸੇ, ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਪੁਲਸ ਮੁਤਾਬਕ, ਵੀਡੀਓ ਵਿੱਚ ਮੁਲਾਜ਼ਮ ਉਸ ਸਾਂਝੇ ਰਸਤੇ ’ਤੇ ਦਿਖਾਈ ਦੇ ਰਹੇ ਹਨ, ਜਿੱਥੋਂ ਸ਼ਰਧਾਲੂ ਜੁੱਤੇ ਉਤਾਰਨ ਵਾਲੀ ਥਾਂ ਤੱਕ ਜਾਂਦੇ ਹਨ। ਪੁਲਸ ਨੇ ਦੋਸ਼ ਲਾਇਆ ਕਿ ਵੀਡੀਓ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਫੈਲਾਈ ਗਈ ਹੈ ਅਤੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
