ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਧਾਰਮਿਕ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕਰਕੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਉਨ੍ਹਾਂ ਨੇ 21 ਮਈ ਨੂੰ ਅਕਾਲ ਤਖਤ ਸਾਹਿਬ ‘ਤੇ ਨਤਮਸਤਕ ਹੋਣ ਦਾ ਫੈਸਲਾ ਕਿਉਂ ਲਿਆ। ਉਨ੍ਹਾਂ ਨੇ ਦੱਸਿਆ ਕਿ ਇਹ ਫੈਸਲਾ ਸਧਾਰਨ ਨਹੀਂ ਸੀ, ਸਗੋਂ ਇੱਕ ਲੰਬੇ ਆਤਮਿਕ ਅਤੇ ਅੰਦਰੂਨੀ ਮਨਨ-ਚਿੰਤਨ ਦੇ ਨਤੀਜੇ ਵਜੋਂ ਉਭਰ ਕੇ ਸਾਹਮਣੇ ਆਇਆ।
ਉਨ੍ਹਾਂ ਕਿਹਾ ਕਿ ਜਦੋਂ ਭਾਈ ਭੁਪਿੰਦਰ ਸਿੰਘ ਦੀ ਮੌਤ ਹੋਈ ਸੀ, ਉਸ ਵੇਲੇ ਵੀ ਉਨ੍ਹਾਂ ਨੂੰ ਸਰਕਾਰ ਵਲੋਂ ਬੈਠਕਾਂ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਮਨਾਇਆ ਨਹੀਂ। ਪਰ ਜਿਵੇਂ-ਜਿਵੇਂ ਸਮਾਂ ਬੀਤਿਆ, ਉਨ੍ਹਾਂ ਨੇ ਆਪਣੇ ਆਪ ਵਿੱਚ ਆਤਮਿਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਆਪ ਲਈ 11 ਦਿਨਾਂ ਦਾ ਸਾਧਨਾ ਕੈਂਪ ਲਾਇਆ, ਜਿਸ ਨੇ ਉਨ੍ਹਾਂ ਦੇ ਮਨ ਨੂੰ ਪੂਰੀ ਤਰ੍ਹਾਂ ਪਿਆਰ ਅਤੇ ਸ਼ਾਂਤੀ ਨਾਲ ਭਰ ਦਿੱਤਾ।
ਭਾਈ ਢੱਡਰੀਆਂਵਾਲੇ ਨੇ ਕਿਹਾ ਕਿ ਇਸ ਆਤਮਿਕ ਤਬਦੀਲੀ ਦੇ ਬਾਅਦ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਦਾ ਦਰ ਹਮੇਸ਼ਾ ਖੁੱਲਾ ਹੈ, ਅਤੇ ਪਿਆਰ ਨਾਲ ਜੇ ਕੋਈ ਆਪਣੇ ਅੰਦਰ ਦੀ ਨਫਰਤ, ਈਗੋ, ਅਤੇ ਬਦਲੇ ਦੀ ਭਾਵਨਾ ਨੂੰ ਛੱਡ ਕੇ ਆਉਂਦਾ ਹੈ, ਤਾਂ ਉਹ ਦਰ ਅਸਲੀ ਤੌਰ ‘ਤੇ ਅਰਦਾਸ ਸੁਣਦਾ ਹੈ।
ਉਨ੍ਹਾਂ ਕਿਹਾ ਕਿ ਜਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਵੀ ਹੋਰ ਪ੍ਰਚਾਰਕਾਂ ਦੇ ਨਾਲ ਮਿਲ ਕੇ ਸੇਵਾ ਕਰਨ, ਤਾਂ ਉਨ੍ਹਾਂ ਨੇ ਸੋਚਿਆ ਕਿ ਇਹ ਮੌਕਾ ਹੈ ਕਿ ਅਸੀਂ ਪਿਆਰ, ਗੁਰਬਾਣੀ, ਮਨ ਦੀ ਸ਼ਾਂਤੀ ਅਤੇ ਸਾਧਨਾ ਦੀ ਗੱਲ ਨੂੰ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਈਏ।
ਉਨ੍ਹਾਂ ਕਿਹਾ ਕਿ ਜਦ ਅਸੀਂ ਆਪਣੇ ਮਨ ਨੂੰ ਪਿਆਰ ਨਾਲ ਭਰਦੇ ਹਾਂ, ਤਾਂ ਮਨੁੱਖੀ ਮਾਨਸਿਕਤਾ ‘ਚ ਨਫਰਤ, ਜੈਲਸੀ, ਅਤੇ ਬਦਲੇ ਦੀ ਭਾਵਨਾ ਆਪਣੇ ਆਪ ਘਟ ਜਾਂਦੀ ਹੈ। ਇਸੇ ਲਈ ਉਨ੍ਹਾਂ ਨੇ ਸੋਚਿਆ ਕਿ ਇਹ ਪਿਆਰ ਦੀ ਭਾਵਨਾ ਜਥੇਬੰਦੀਆਂ ਤੋਂ ਉੱਪਰ ਉਠ ਕੇ ਹਰ ਇੱਕ ਮਨੁੱਖ ਤੱਕ ਪਹੁੰਚਣੀ ਚਾਹੀਦੀ ਹੈ।
ਭਾਈ ਢੱਡਰੀਆਂਵਾਲੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਨਿਜੀ ਹਿੱਤਾਂ ਤੋਂ ਉਪਰ ਉਠ ਕੇ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਪੰਥ ਦੇ ਪਿਆਰ ਵਾਸਤੇ ਅਕਾਲ ਤਖਤ ਸਾਹਿਬ ‘ਤੇ ਨਤਮਸਤਕ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਵਿਅਕਤੀ ਜਾਂ ਜਥੇਦਾਰ ਦੇ ਅੱਗੇ ਨਹੀਂ ਸੀ, ਸਗੋਂ ਪੂਰੀ ਸਿੱਖ ਕੌਮ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੀ।
ਆਖਿਰ ‘ਚ ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਸੱਚੇ ਮਨ ਨਾਲ ਗੁਰੂ ਦੇ ਰਸਤੇ ‘ਤੇ ਤੁਰੀਏ, ਮਨ ਦੀ ਸਾਫੀ ਤੇ ਪਿਆਰ ਨੂੰ ਅਪਣਾਈਏ, ਤਾਂ ਨਾ ਕੇਵਲ ਆਪਣੀ ਜ਼ਿੰਦਗੀ ਸੰਵਾਰੀ ਜਾ ਸਕਦੀ ਹੈ, ਸਗੋਂ ਪੂਰੇ ਸਮਾਜ ਨੂੰ ਵੀ ਇਕ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।