ਅੰਮ੍ਰਿਤਸਰ ਏਅਰਪੋਰਟ ਤੇ 1 ਅਪ੍ਰੈਲ ਤੋਂ ਫਲਾਈਟ ਸੇਵਾਵਾਂ ‘ਚ ਵੱਡਾ ਬਦਲਾਅ, ਹਰ ਰੋਜ਼ ਇਸ ਸਮੇਂ ਤੱਕ ਰਨਵੇ ਰਹੇਗਾ ਬੰਦ

ਗੁਰਪ੍ਰੀਤ ਸਿੰਘ :- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ‘ਤੇ ਗਰਮੀ ਦੇ ਸ਼ੈਡਿਊਲ ਦੌਰਾਨ ਉਡਾਣਾਂ ਦੇ ਸੰਚਾਲਨ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਵੱਲੋਂ ਰਨਵੇ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ ਕੰਮਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਰੀ NOTAM (ਨੋਟਿਸ ਟੂ ਏਅਰਮੈਨ) ਅਨੁਸਾਰ 1 ਅਪ੍ਰੈਲ 2026 ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇ ਪੂਰੀ ਤਰ੍ਹਾਂ ਗੈਰ-ਚਾਲੂ ਰਹੇਗਾ। 

ਇਸ ਸਮੇਂ ਦੌਰਾਨ ਕਿਸੇ ਵੀ ਫਲਾਈਟ ਦਾ ਸੰਚਾਲਨ ਨਹੀਂ ਹੋਵੇਗਾ। ਸਾਰੀਆਂ ਏਅਰਲਾਈਨਜ਼ ਨੇ ਆਪਣੇ ਆਉਣ ਅਤੇ ਜਾਣ ਦੇ ਸਮੇਂ ਵਿੱਚ ਬਦਲਾਅ ਕਰ ਲਿਆ ਹੈ ਅਤੇ ਫਲਾਈਟਾਂ ਬੰਦ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੀ ਚਲਾਈਆਂ ਜਾਣਗੀਆਂ। ਅੰਮ੍ਰਿਤਸਰ ਏਅਰਪੋਰਟ ਦੇ ਸਮਰ ਸ਼ੈਡਿਊਲ ਵਿੱਚ ਕੁੱਲ 62 ਫਲਾਈਟਾਂ ਸ਼ਾਮਲ ਹਨ, ਜਿਨ੍ਹਾਂ ਵਿੱਚ 40 ਘਰੇਲੂ ਅਤੇ 22 ਅੰਤਰਰਾਸ਼ਟਰੀ ਫਲਾਈਟਾਂ ਹਨ। ਇਹ ਏਅਰਪੋਰਟ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਅਹਿਮਦਾਬਾਦ, ਕੁੱਲੂ, ਸ੍ਰੀਨਗਰ ਅਤੇ ਪੁਣੇ ਨਾਲ ਜੁੜਿਆ ਹੋਇਆ ਹੈ, ਜਦਕਿ ਅੰਤਰਰਾਸ਼ਟਰੀ ਤੌਰ ‘ਤੇ ਦੋਹਾ, ਦੁਬਈ, ਸਿੰਗਾਪੁਰ, ਬਰਮਿੰਘਮ, ਲੰਡਨ ਗੈਟਵਿਕ, ਕੁਆਲਾ ਲੰਪੁਰ, ਸ਼ਾਰਜਾਹ ਅਤੇ ਬੈਂਕਾਕ ਲਈ ਉਡਾਣਾਂ ਚਲਦੀਆਂ ਹਨ।

ਏਅਰਪੋਰਟ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਰਨਵੇ ਦੀ ਰੀ-ਕਾਰਪੇਟਿੰਗ ਦਾ ਕੰਮ ਕੀਤਾ ਜਾਵੇਗਾ, ਜੋ ਲਗਭਗ 3658 ਮੀਟਰ ਲੰਬਾ ਅਤੇ 60 ਮੀਟਰ ਚੌੜਾ ਹੈ। ਇਹ ਕੰਮ ਦੋ ਪਰਤਾਂ ਵਿੱਚ ਕੀਤਾ ਜਾਵੇਗਾ, ਜਿਸ ਨਾਲ ਵੱਡੇ ਜਹਾਜ਼ਾਂ ਜਿਵੇਂ ਬੋਇੰਗ 747-800 ਦੀ ਸੁਰੱਖਿਅਤ ਲੈਂਡਿੰਗ ਅਤੇ ਟੇਕਆਫ਼ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਰਨਵੇ ਦੇ ਦੋਹਾਂ ਸਿਰਿਆਂ ‘ਤੇ RESA (ਰਨਵੇ ਐਂਡ ਸੇਫਟੀ ਏਰੀਆ) ਨੂੰ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿਕਸਿਤ ਕੀਤਾ ਜਾਵੇਗਾ।

ਏਅਰਪੋਰਟ ‘ਤੇ ਮੌਜੂਦ 2000 ਤੋਂ ਵੱਧ ਪੁਰਾਣੀਆਂ AGL ਲਾਈਟਾਂ ਨੂੰ LED ਲਾਈਟਾਂ ਨਾਲ ਬਦਲਿਆ ਜਾਵੇਗਾ, ਜਿਸ ਨਾਲ ਘੱਟ ਬਿਜਲੀ ਖਪਤ ਦੇ ਨਾਲ ਵਧੀਆ ਦ੍ਰਿਸ਼ਟਤਾ ਮਿਲੇਗੀ। ਇਸਦੇ ਨਾਲ ਹੀ ILCMS (ਇੰਡਿਵਿਜੁਅਲ ਲਾਈਟ ਕੰਟਰੋਲ ਮਾਨੀਟਰਿੰਗ ਸਿਸਟਮ) ਵੀ ਲਗਾਇਆ ਜਾਵੇਗਾ, ਜਿਸ ਨਾਲ ਘੱਟ ਵਿਜ਼ੀਬਿਲਟੀ ਦੌਰਾਨ ਲਾਈਟਾਂ ਦੀ ਜਾਂਚ ਦਾ ਸਮਾਂ ਘਟੇਗਾ ਅਤੇ ਉਡਾਣਾਂ ਹੋਰ ਸੁਰੱਖਿਅਤ ਤੇ ਤੇਜ਼ੀ ਨਾਲ ਸੰਚਾਲਿਤ ਹੋ ਸਕਣਗੀਆਂ।

ਏਅਰਪੋਰਟ ਪ੍ਰਬੰਧਨ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀਆਂ ਸੰਬੰਧਤ ਏਅਰਲਾਈਨਜ਼ ਨਾਲ ਅੱਪਡੇਟਡ ਫਲਾਈਟ ਸ਼ੈਡਿਊਲ ਜ਼ਰੂਰ ਚੈੱਕ ਕਰਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰੇ ਕੰਮ ਯਾਤਰੀਆਂ ਦੀ ਸੁਰੱਖਿਆ ਅਤੇ ਭਵਿੱਖ ਵਿੱਚ ਬਿਹਤਰ ਸੇਵਾਵਾਂ ਲਈ ਜ਼ਰੂਰੀ ਹਨ। ਇਸ ਦੌਰਾਨ ਹੋਣ ਵਾਲੀ ਅਸੁਵਿਧਾ ਲਈ ਖੇਦ ਪ੍ਰਗਟ ਕਰਦੇ ਹੋਏ ਯਾਤਰੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *