ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਵੱਡੀ ਖ਼ਬਰ: ਭਲਕੇ ਮੁੜ ਸ਼ੁਰੂ ਹੋਵੇਗੀ ਯਾਤਰਾ

ਜੰਮੂ : ਖ਼ਰਾਬ ਮੌਸਮ ਕਾਰਨ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਫੈਸਲਾ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਦੇ ਮੱਦੇਨਜ਼ਰ ਲਿਆ ਗਿਆ ਸੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ, “ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਵੈਸ਼ਣੋ ਦੇਵੀ ਯਾਤਰਾ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਮੁਅੱਤਲ ਕਰ ਦਿੱਤੀ ਗਈ ਸੀ ਅਤੇ ਬੁੱਧਵਾਰ, 8 ਅਕਤੂਬਰ ਨੂੰ ਦੁਬਾਰਾ ਸ਼ੁਰੂ ਹੋਵੇਗੀ।” ਉਨ੍ਹਾਂ ਕਿਹਾ, “ਸ਼ਰਧਾਲੂ ਇਸ ਸਬੰਧ ਵਿਚ ਸਰਕਾਰੀ ਚੈਨਲਾਂ ਰਾਹੀਂ ਅਪਡੇਟ ਰਹਿ ਸਕਦੇ ਹਨ।”

ਦੱਸ ਦੇਈਏ ਕਿ 26 ਅਗਸਤ ਨੂੰ ਭਾਰੀ ਬਾਰਿਸ਼ ਹੋਣ ਕਾਰਨ ਇਸ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਦਿਨ, ਅਰਧਕੁਮਾਰੀ ਵਿੱਚ ਇੰਦਰਪ੍ਰਸਥ ਰੈਸਟੋਰੈਂਟ ਦੇ ਨੇੜੇ ਜ਼ਮੀਨ ਖਿਸਕਣ ਨਾਲ 34 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਜ਼ਮੀਨ ਖਿਸਕਣ ਦੇ ਕਾਰਨਾਂ ਦੀ ਜਾਂਚ ਲਈ ਤਿੰਨ ਮੈਂਬਰੀ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਊਧਮਪੁਰ ਵਿੱਚ ਸਭ ਤੋਂ ਵੱਧ 100.2 ਮਿਲੀਮੀਟਰ ਬਾਰਿਸ਼ ਹੋਈ।

ਇਸ ਤੋਂ ਬਾਅਦ ਬਟੋਟ ਵਿੱਚ 98.2 ਮਿਲੀਮੀਟਰ, ਡੋਡਾ ਵਿੱਚ 86 ਮਿਲੀਮੀਟਰ, ਭਦਰਵਾਹ ਵਿੱਚ 77 ਮਿਲੀਮੀਟਰ, ਬਨਿਹਾਲ ਵਿੱਚ 75.8 ਮਿਲੀਮੀਟਰ, ਕਾਜ਼ੀਗੁੰਡ ਵਿੱਚ 70 ਮਿਲੀਮੀਟਰ, ਕੋਕਰਨਾਗ ਵਿੱਚ 68.9 ਮਿਲੀਮੀਟਰ, ਰਾਮਬਨ ਵਿੱਚ 68.5 ਮਿਲੀਮੀਟਰ ਅਤੇ ਪਹਿਲਗਾਮ ਵਿੱਚ 52.6 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 8 ਅਕਤੂਬਰ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ 9 ਤੋਂ 17 ਅਕਤੂਬਰ ਤੱਕ ਆਮ ਤੌਰ ‘ਤੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।

By Rajeev Sharma

Leave a Reply

Your email address will not be published. Required fields are marked *