ਨੈਸ਼ਨਲ ਟਾਈਮਜ਼ ਬਿਊਰੋ :- ਜ਼ੀਰਕਪੁਰ ਕੈਮਿਸਟ ਐਸੋਸੀਏਸ਼ਨ ਵੱਲੋਂ ਮੈਡੀਕਲ ਖੇਤਰ ਨਾਲ ਜੁੜੇ ਕਈ ਅਧਿਕਾਰੀ, ਮਾਹਰਾਂ ਤੇ ਵੱਡੀ ਗਿਣਤੀ ’ਚ ਮੈਡੀਕਲ ਸਟੋਰ ਮਾਲਕਾਂ ਦੀ ਮੌਜੂਦਗੀ ’ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਦਵਾਈਆਂ ਦੀ ਵਿਕਰੀ ’ਚ ਪਾਰਦਰਸ਼ਤਾ ਯਕੀਨੀ ਕਰਨਾ, ਨਿਯਮਾਂ ਬਾਰੇ ਜਾਣਕਾਰੀ ਦੇਣਾ ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਰਿਹਾ। ਮੀਟਿੰਗ ’ਚ ਜ਼ੋਨਲ ਲਾਈਸੈਂਸਿੰਗ ਅਥਾਰਟੀ ਜਸਬੀਰ ਪ੍ਰਤਾਪ ਸਿੰਘ, ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਜੈਜੈਕਾਰ ਸਿੰਘ, ਐੱਮ. ਡੀ. ਸੀ. ਏ. ਪ੍ਰਧਾਨ ਅਮਰਦੀਪ ਸਿੰਘ, ਸਕੱਤਰ ਵਿਕਰਮ ਠਾਕੁਰ, ਜੀ. ਸੀ. ਏ. ਪ੍ਰਧਾਨ ਪੁਨੀਤ ਕੁਮਾਰ, ਸਕੱਤਰ ਰਾਜੀਵ ਚਾਥਲੀ ਤੇ ਟ੍ਰਾਈਸਿਟੀ ਚੇਅਰਮੈਨ ਅਮਰਦੀਪ ਸਿੰਘ ਖ਼ਾਸ ਤੌਰ ’ਤੇ ਮੌਜੂਦ ਰਹੇ।
ਅਧਿਕਾਰੀਆਂ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਦਵਾਈਆਂ ਦੀ ਵਿਕਰੀ ਨਾਲ ਸਬੰਧਿਤ ਹਰ ਰਿਕਾਰਡ ਦਾ ਠੀਕ ਅਤੇ ਪੂਰੀ ਸੰਭਾਲ ਰੱਖਣਾ ਲਾਜ਼ਮੀ ਹੈ। ਅਧਿਕਾਰੀਆਂ ਨੇ ਸ਼ੈਡਿਊਲ ਐੱਚ-1 ਦਵਾਈਆਂ ਦੀ ਵਿਕਰੀ ਬਾਰੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਹ ਦਵਾਈਆਂ ਸਿਰਫ ਡਾਕਟਰ ਦੀ ਵੈਧ ਤੇ ਦਸਤਖ਼ਤ ਕੀਤੀ ਪਰਚੀ ’ਤੇ ਹੀ ਵੇਚੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ੋਰ ਦਿੱਤਾ ਗਿਆ ਕਿ ਮਰੀਜ਼ਾਂ ਦੀ ਸੁਰੱਖਿਆ ਸਭ ਤੋਂ ਵੱਡੀ ਪਹਿਲ ਹੈ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
