ਨਵੀਂ ਦਿੱਲੀ – ਕਾਨੂੰਨ ਵਿਵਸਥਾ ਯਕੀਨੀ ਬਣਾਉਣ ’ਚ ਭਾਜਪਾ ਨਾਕਾਮ!

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਨੇ ਅੱਜ ਦਿੱਲੀ ਦੀ ਨਵੀਂ ਚੁਣੀ ਗਈ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਅਹੁਦਾ ਸੰਭਾਲਣ ਦੇ ਮਹੀਨੇ ਦੇ ਅੰਦਰ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮਹੀਨੇ ਵਿੱਚ, ਅਖੌਤੀ ਡਬਲ-ਇੰਜਣ ਵਾਲੀ ਸਰਕਾਰ ਇੱਕ ‘ਡਬਲ-ਮਰਡਰ ਸਰਕਾਰ’ ਵਿੱਚ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ, ਜੋ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਕੋਲ ਹੈ। ਜ਼ਿਕਰਯੋਗ ਹੈ ਕਿ ਉੱਤਰ ਪੱਛਮੀ ਦਿੱਲੀ ਦੇ ਕੋਹਾਟ ਐਨਕਲੇਵ ਵਿੱਚ 70 ਸਾਲਾ ਵਪਾਰੀ, ਮਹਿੰਦਰ ਸਿੰਘ ਅਤੇ ਉਸ ਦੀ ਪਤਨੀ ਦਿਲਜੀਤ ਕੌਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਭਾਰਦਵਾਜ ਨੇ ਕਿਹਾ ਕਿ ਉੱਤਰ-ਪੱਛਮੀ ਦਿੱਲੀ ਵਿੱਚ ਅਸ਼ੋਕ ਵਿਹਾਰ ਵਿੱਚ ਇੱਕ ਹੋਰ ਘਟਨਾ ਵਿੱਚ ਬਜ਼ੁਰਗ ਜੋੜੇ ਨੂੰ ਲੁੱਟਿਆ ਗਿਆ ਸੀ, ਜਿਸ ਦੀ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ‘ਆਪ’ ਆਗੂ ਨੇ ਦੱਸਿਆ ਕਿ ਫਤਿਹਪੁਰੀ ਵਿਖੇ ਹਾਲ ਹੀ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਤੋਂ 80 ਲੱਖ ਰੁਪਏ ਲੁੱਟ ਲਏ ਗਏ ਸਨ। ਇਨ੍ਹਾਂ ਘਟਨਾਵਾਂ ਨੇ ਦਿੱਲੀ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ‘ਆਪ’ ਅਤੇ ਭਾਜਪਾ ਵਿਚਾਲੇ ਸਿਆਸੀ ਟਕਰਾਅ ਨੂੰ ਫਿਰ ਤੋਂ ਤੇਜ਼ ਕਰ ਦਿੱਤਾ ਹੈ।

By Rajeev Sharma

Leave a Reply

Your email address will not be published. Required fields are marked *