ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿ ਸਰਹੱਦ ’ਤੇ ਤਣਾਅ ਦੇ ਮਾਹੌਲ ਵਿਚ ਭਾਰਤੀ ਫੌਜ ਦੀ ਕਾਮਯਾਬੀ ਅਤੇ ਮੋਦੀ ਸਰਕਾਰ ਦੀ ਨੀਤੀ ਨੂੰ ਸਮਰਪਿਤ ਕਰਦਿਆਂ ਭਾਜਪਾ ਵੱਲੋਂ ਪੂਰੇ ਦੇਸ਼ ਵਿਚ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਹੈ। ਪੰਜਾਬ ਵਿੱਚ ਤਿਰੰਗਾ ਮਾਰਚ ਦੇ ਇੰਚਾਰਜ ਅਤੇ ਭਾਜਪਾ ਦੇ ਜਨਰਲ ਸੈਕਟਰੀ ਦਿਆਲ ਸੋਢੀ ਦੀ ਅਗਵਾਈ ਹੇਠ ਬਠਿੰਡਾ ਵਿਖੇ ਵੀ ਇਹ ਮਾਰਚ ਆਯੋਜਿਤ ਕੀਤਾ ਗਿਆ।
ਇਸ ਮਾਰਚ ਵਿੱਚ ਭਾਜਪਾ ਦੇ ਅਗੂਆਂ ਤੋਂ ਲੈ ਕੇ ਵਰਕਰਾਂ ਤੱਕ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮਾਰਚ ਬਠਿੰਡਾ ਦੇ ਮੁੱਖ ਬਾਜ਼ਾਰਾਂ ਰਾਹੀਂ ਕੱਢਿਆ ਗਿਆ ਜਿਸ ਦੌਰਾਨ ਭਾਰਤੀ ਫੌਜ ਅਤੇ ਮੋਦੀ ਸਰਕਾਰ ਦੇ ਹੱਕ ਵਿਚ ਨਾਅਰੇ ਲਾਏ ਗਏ।
ਭਾਜਪਾ ਦੇ ਜਨਰਲ ਸੈਕਟਰੀ ਦਿਆਲ ਸੋਢੀ ਨੇ ਕਿਹਾ, “ਸਾਡੀ ਫੌਜ ਨੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਜੋ ਵੀ ਲੀਡਰ ਫੌਜ ਖ਼ਿਲਾਫ ਗਲ ਕਰਦੇ ਹਨ, ਉਨ੍ਹਾਂ ਨੂੰ ਪਾਰਟੀ ਤੋਂ ਕੱਢ ਦੇਣਾ ਚਾਹੀਦਾ ਹੈ।” ਉਨ੍ਹਾਂ ਨੇ ਪੀਐੱਮ ਮੋਦੀ ਦੇ ਨੇਤ੍ਰਤਵ ਦੀ ਵੀ ਸ਼ਲਾਘਾ ਕੀਤੀ।
ਭਾਜਪਾ ਮਹਿਲਾ ਆਗੂ ਪਰਮਪਾਲ ਕੌਰ ਮਲੂਕਾ ਨੇ ਵੀ ਕਿਹਾ ਕਿ ਸਾਨੂੰ ਆਪਣੀ ਫੌਜ ’ਤੇ ਮਾਣ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਿਵਾਦਿਤ ਬਿਆਨਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਫੀਆ ਕੁਰੈਸੀ ਸਬੰਧੀ ਦੱਸਿਆ ਗਿਆ ਬਿਆਨ ਨਿੱਜੀ ਹੋ ਸਕਦਾ ਹੈ, ਪਰ ਇਨ੍ਹਾਂ ਗੱਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਸਾਬਕਾ ਐਮਐਲਏ ਸਰੂਪ ਚੰਦ ਸਿੰਗਲਾ, ਜੋ ਕਿ ਭਾਜਪਾ ਸ਼ਹਿਰੀ ਪ੍ਰਧਾਨ ਵੀ ਹਨ, ਨੇ ਕਿਹਾ ਕਿ ਅਸੀਂ ਇਹੋ ਜਿਹੇ ਬਿਆਨਾਂ ਨਾਲ ਸਹਿਮਤ ਨਹੀਂ ਜੋ ਕਿਸੇ ਦੇ ਖਿਲਾਫ ਦਿੱਤੇ ਜਾਂਦੇ ਹਨ ਸੋਚ ਸਮਝ ਕੇ ਹੀ ਬਿਆਨ ਦੇਣੇ ਚਾਹੀਦੇ ਹਨ।