ਨੈਸ਼ਨਲ ਟਾਈਮਜ਼ ਬਿਊਰੋ :- ਭਾਜਪਾ ਵਲੋਂ ਪੰਜਾਬ ਵਰਕਰ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਸ਼ਵਨੀ ਸ਼ਰਮਾ ਅੱਜ ਪਹਿਲੀ ਵਾਰੀ ਆਪਣੇ ਵਿਧਾਨ ਸਭਾ ਹਲਕੇ ਪਠਾਨਕੋਟ ਪਹੁੰਚੇ। ਇੱਥੇ ਭਾਜਪਾ ਵਰਕਰਾਂ ਵਲੋਂ ਉਨ੍ਹਾਂ ਦਾ ਭਾਰਤੀ ਅੰਦਾਜ਼ ‘ਚ ਸਵਾਗਤ ਕੀਤਾ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ “ਪੰਜਾਬ ਵਿੱਚ ਸਰਕਾਰ ਨਹੀਂ, ਸਰਕਸ ਚੱਲ ਰਹੀ ਹੈ। ਮੁੱਖ ਮੰਤਰੀ ਆਪਣੀ ਬੋਲੀ ਤੇ ਕੰਟਰੋਲ ਨਹੀਂ ਰੱਖਦੇ। ਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਅਣਗਲਤ ਸ਼ਬਦ ਵਰਤਣਗੇ, ਤਾਂ ਅਸੀਂ ਵੀ ਜਵਾਬ ਦੇਵਾਂਗੇ।
ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ‘ਤੇ ਗੈਂਗਸਟਰਾਂ ਨਾਲ ਨਜਦੀਕੀਆਂ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ “ਬਿਸ਼ਨੋਈ ਦਾ ਇੰਟਰਵਿਊ ਜੇਲ੍ਹ ਵਿੱਚੋਂ ਹੋ ਜਾਂਦਾ ਹੈ, ਇਹ ਸਭ ਨੂੰ ਪਤਾ ਹੈ। ਗੈਂਗਸਟਰਾਂ ਨਾਲ ਲਿੰਕ ਭਾਜਪਾ ਦਾ ਨਹੀਂ, ਆਮ ਆਦਮੀ ਪਾਰਟੀ ਦਾ ਹੈ।”
ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ‘ਤੇ ਨਿੱਜੀ ਹਮਲੇ ਕਰਦਿਆਂ ਕਿਹਾ ਕਿ “ਮੁੱਖ ਮੰਤਰੀ ਆਪਣੀ ਨੌਕਰੀ ਬਚਾਉਣ ਲਈ ਚਾਪਲੂਸੀ ਕਰ ਰਹੇ ਹਨ। ਉਹ ਸ਼ਰਾਬ ਪੀ ਕੇ ਗੁਰੂ ਘਰਾਂ ‘ਚ ਜਾਂਦੇ ਹਨ, ਕਈ ਵਾਰੀ ਉਨ੍ਹਾਂ ਦੀ ਪੱਗ ਵੀ ਉਤਰ ਜਾਂਦੀ ਹੈ। ਇਥੋਂ ਤੱਕ ਕਿ ਉਨ੍ਹਾਂ ਨੂੰ ਜਹਾਜ਼ ਤੋਂ ਵੀ ਉਤਾਰਿਆ ਗਿਆ ਹੈ।”
ਅੰਤ ‘ਚ ਉਨ੍ਹਾਂ ਕਿਹਾ ਕਿ “ਸਿਆਸੀ ਲੜਾਈ ਲੜੋ, ਨਿੱਜੀ ਹਮਲੇ ਨਾ ਕਰੋ। ਲੋਕਾਂ ਨਾਲ ਕੀਤੇ ਵਾਅਦੇ ਆਮ ਆਦਮੀ ਪਾਰਟੀ ਨੇ ਪੂਰੇ ਨਹੀਂ ਕੀਤੇ। ਹੁਣ ਪੰਜਾਬੀ ਉਹਨਾਂ ਦੀਆਂ ਗੱਲਾਂ ‘ਚ ਨਹੀਂ ਆਉਣਗੇ।
