ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ’ਚ 25 ਹਜ਼ਾਰ ਕਰੋੜ ਦਾ ਬਜਟ ਰੇਲਵੇ ਲਈ ਰੱਖਿਆ ਗਿਆ ਹੈ ਜਿਸ ਵਿੱਚ ਪੰਜਾਬ ਵਿੱਚ ਹਰ ਕੋਨੇ ਤੋਂ ਚੱਲਣ ਵਾਲੀ ਸੁਪਰ ਫਾਸਟ ਟਰੇਨਾਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਦਾ ਕਾਇਆ-ਕਲਪ ਹੋਵੇਗਾ ਜਿਸ ਨਾਲ ਵਪਾਰੀ ਵਰਗ ਤੇ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਹ ਸ਼ਬਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ ਨੂੰ ਸਨਮਾਨਿਤ ਕਰਨ ਮੌਕੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਨੂੰ ਰੇਲਵੇ ਪੱਖੋਂ ਬਹੁਤ ਅਣਗੌਲਿਆਂ ਕੀਤਾ ਗਿਆ ਹੈ। ਜਿਸ ਕਾਰਨ ਦੂਜੇ ਸੂਬੇ ਬਹੁਤ ਫਾਇਦਾ ਲੈ ਜਾਂਦੇ ਸਨ। ਉਹਨਾਂ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ ਮੇਰਾ ਸਾਰਾ ਧਿਆਨ ਵਿਸ਼ੇਸ਼ ਤੌਰ ’ਤੇ ਆਪਣੇ ਸੂਬੇ ਵੱਲ ਹੀ ਹੈ ਅਤੇ ਪਾਵਨ ਨਗਰੀ ਨਿਵਾਸੀਆਂ ਦੀ ਵਿਸ਼ੇਸ਼ ਮੰਗ ਨੂੰ ਵੀ ਧਿਆਨ ਵਿੱਚ ਰੱਖਦਿਆਂ ਵੰਦੇ ਭਾਰਤ ਟ੍ਰੇਨ ਵੀ ਵਾਇਆ ਸੁਲਤਾਨਪੁਰ ਲੋਧੀ ਰੂਟ ਕੱਢਿਆ ਜਾਵੇਗਾ। ਆਵਾਜਾਈ ਤੇਜ਼ ਕਰਨ ਲਈ ਸਿੰਗਲ ਟਰੈਕ ਨੂੰ ਡਬਲ ਕੀਤਾ ਜਾ ਰਿਹਾ ਹੈ ਤੇ ਰੇਲਵੇ ਯਾਤਰੀਆਂ ਲਈ ਹਰ ਵਧੀਆ ਸਹੂਲਤ ਪ੍ਰਦਾਨ ਕਰੇਗਾ। ਕੇਂਦਰੀ ਮੰਤਰੀ ਬਿੱਟੂ ਵੱਲੋਂ ਨੀਟੂ ਨੂੰ 2027 ਦੀਆਂ ਚੋਣਾਂ ਹੋਣ ਤੋਂ ਪਹਿਲਾਂ ਹੀ ਹਲਕੇ ਵਿੱਚ ਭਾਜਪਾ ਦੀ ਸਰਗਰਮੀ ਵਧਾਉਣ ਲਈ ਕਿਹਾ। ਉਹਨਾਂ ਕਿਹਾ ਕਿ ਜਿਸ ਹਲਕੇ ਵਿੱਚ ਨੀਟੂ ਵਰਗੇ ਭਾਜਪਾ ਦੇ ਜੁਝਾਰੂ ਆਗੂ ਹਨ, ਉੱਥੇ ਭਾਜਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਨੂੰ ਜੇ ਦੇਸ਼ ਦੇ ਹੋਰ ਸੂਬਿਆਂ ਵਾਂਗ ਤਰੱਕੀ ਤੇ ਲੈ ਕੇ ਜਾਣਾ ਹੈ ਤਾਂ ਪੰਜਾਬ ਵਿੱਚ ਕੇਂਦਰ ਵਾਂਗ ਭਾਜਪਾ ਦੀ ਸਰਕਾਰ ਹੋਣਾ ਲਾਜ਼ਮੀ ਹੈ ਕਿਉਂਕਿ ਕੇਂਦਰ ਤੇ ਸੂਬੇ ਦੀ ਭਾਜਪਾ ਦੀ ਸਰਕਾਰ ਮਿਲ ਕੇ ਪੰਜਾਬ ਵਿੱਚ ਤਰੱਕੀ ਦੇ ਨਵੇਂ ਇਤਿਹਾਸ ਲਿਖਣਗੇ। ਪੰਜਾਬ ਦੇ ਲੋਕ ਹੁਣ ‘ਆਪ’ ਨੂੰ ਸੱਤਾ ਸੌਂਪ ਕੇ ਬਹੁਤ ਪਛਤਾਅ ਰਹੇ ਹਨ ਕਿਉਂਕਿ ਮੁੱਖ ਮੰਤਰੀ ਮਾਨ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ’ਚ ਸਿਰਫ ਆਪਣਾ ਹੀ ਢੰਡੋਰਾ ਪਿੱਟਿਆ ਹੈ ਤੇ ਜਦਕਿ ਸੂਬੇ ਨੂੰ ਤਰੱਕੀ ਵਜੋਂ ਬਹੁਤ ਪਿੱਛੇ ਧੱਕ ਦਿੱਤਾ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ ਜਿਸ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ ਉਥੇ ਸੜਕਾਂ ਸੀਵਰੇਜ ਦਾ ਬੁਰਾ ਹਾਲ ਹੈ। ਕੇਂਦਰ ਵੱਲੋਂ ਸਮਾਰਟ ਸਿਟੀ ਐਲਾਨਣ ਦੇ ਬਾਵਜੂਦ ‘ਆਪ’ ਨੇ ਇਸ ਪਵਿੱਤਰ ਨਗਰੀ ਨੂੰ ਅਣਗੋਲਿਆ ਕੀਤਾ ਹੈ ਜਿਸ ਕਾਰਨ ਸਾਰਿਆਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਉਹਨਾਂ ਭਾਜਪਾ ਆਗੂ ਨੀਟੂ ਨੂੰ ਭਰੋਸਾ ਦਿੱਤਾ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਾਰੇ ਕੰਮ ਪੂਰੇ ਹੋਣਗੇ। ਇਸ ਮੌਕੇ ਭਾਜਪਾ ਆਗੂ ਰਾਕੇਸ਼ ਨੀਟੂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪਾਵਨ ਨਗਰੀ ਸੁਲਤਾਨਪੁਰ ਲੋਧੀ ਪੁੱਜਣ ’ਤੇ ਭਾਜਪਾ ਆਗੂਆਂ ਨੂੰ ਮਿਲ ਕੇ ਹੌਸਲਾ ਵਧਾਉਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕੋਈ ਪੰਜਾਬ ਦਾ ਕੇਂਦਰੀ ਮੰਤਰੀ ਭਾਜਪਾ ਆਗੂਆਂ ਨੂੰ ਇੰਞ ਮਿਲਣ ਆਇਆ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਪਾਵਨ ਨਗਰੀ ਪੁੱਜਣ ’ਤੇ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਹਲਕਾ ਇੰਚਾਰਜ ਰਕੇਸ਼ ਨੀਟੂ, ਮੰਡਲ ਪ੍ਰਧਾਨ ਡਾਕਟਰ ਰਕੇਸ਼ ਪੁਰੀ, ਕਿਸਾਨ ਆਗੂ ਚਤਰ ਸਿੰਘ ਜੋਸਨ, ਮਿੰਟੂ ਜੈਨ ਮੰਡਲ ਆਗੂ, ਤੀਰਥ ਸਿੰਘ ਨੰਬਰਦਾਰ, ਅਸ਼ੋਕ ਕਨੋਜੀਆ, ਪਿਆਰਾ ਸਿੰਘ, ਬਾਬਾ ਬਲੌਰੀ, ਕਾਲੀ ਅਰੋੜਾ, ਪੰਡਿਤ ਲਛਮਣ ਪ੍ਰਸ਼ਾਦ ਆਦਿ ਵੀ ਹਾਜ਼ਰ ਸਨ।
ਪੰਜਾਬ ’ਚ ਵੀ 2027 ਦੀ ਚੋਣਾਂ ਦੌਰਾਨ ਭਾਜਪਾ ਸਰਕਾਰ ਬਣਾਏਗੀ : ਰਵਨੀਤ ਬਿੱਟੂ
