ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਆਮ ਆਦਮੀ ਪਾਰਟੀ ਤੋਂ ਸੱਤਾ ਖੋਹਣ ਮਗਰੋਂ ਬੀਜੇਪੀ ਹੁਣ ਪੰਜਾਬ ਵਿੱਚ ਵੀ ‘ਆਪ’ ਦਾ ਬਿਸਤਰਾ ਗੋਲ ਕਰਨ ਦੀ ਰਣਨੀਤੀ ਘੜਨ ਲੱਗੀ ਹੈ। ਬੇਸ਼ੱਕ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਵਿੱਚ ਅਜੇ ਦੋ ਸਾਲ ਬਾਕੀ ਹਨ ਪਰ ਬੀਜੇਪੀ ਨੇ ਦਿੱਲੀ ਦੇ ਅਹਿਮ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬ ਦੀ ਸਿਆਸਤ ਵਿੱਚ ਸੰਨ੍ਹ ਲਾਉਣ ਲਈ ਅੱਗੇ ਕੀਤਾ ਹੈ। ਇਸੇ ਰਣਨੀਤੀ ਤਹਿਤ ਸ਼ਨੀਵਾਰ ਨੂੰ ਸਿਰਸਾ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਤੇ ਪੰਜਾਬ ਸਰਕਾਰ ਉੁਪਰ ਰੱਜ ਕੇ ਵਰ੍ਹੇ।
ਬੇਸ਼ੱਕ ਪੰਜਾਬ ਦੀ ਸਿਆਸਤ ਦਿੱਲੀ ਨਾਲੋਂ ਵੱਖਰੀ ਹੈ ਪਰ ਬੀਜੇਪੀ ਦੇ ਲੀਡਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਆਪਣਾ ਮਾਸਟਰ ਸਟ੍ਰੋਕ ਖੇਡਿਆ ਜਾ ਰਿਹਾ ਹੈ। ਦਿੱਲੀ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕੀਤੇ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ।
ਦੱਸ ਦਈਏ ਕਿ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਰਹਿ ਚੁੱਕੇ ਹਨ। ਉਹ ਬੀਜੇਪੀ-ਅਕਾਲੀ ਦਲ ਸਰਕਾਰ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਓਐਸਡੀ ਰਹਿ ਚੁੱਕੇ ਹਨ। ਅਜਿਹੇ ਵਿੱਚ ਬੀਜੇਪੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਇੱਕ ਵੱਡੇ ਸਿੱਖ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਿਰਸਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਰਾਜਨੀਤਕ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਲਗਾਤਾਰ ਮਾਨ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ। ਇਸ ਨਾਲ ਬੀਜੇਪੀ ਹਾਈਕਮਾਨ ਵੱਲੋਂ ਆਪਣੇ ਮੰਤਰੀਆਂ ਤੇ ਵੱਡੇ ਸਿੱਖ ਚਿਹਰਿਆਂ ਰਾਹੀਂ ਪੰਜਾਬ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਇਕੱਲੀ ਬੀਜੇਪੀ ਕੁਝ ਖਾਸ ਨਹੀਂ ਕਰ ਪਾਏਗੀ। ਇਸ ਲਈ ਅਗਲੇ ਦੋ ਸਾਲਾਂ ਵਿੱਚ ਦੂਜੀਆਂ ਪਾਰਟੀਆਂ ਦੇ ਹੋਰ ਵੱਡੇ ਸਿੱਖ ਚਿਹਰਿਆਂ ਨੂੰ ਬੀਜੇਪੀ ਵਿੱਚ ਸ਼ਾਮਲ ਕੀਤਾ ਜਾਏਗਾ। ਇਸ ਦੇ ਨਾਲ ਹੀ ਬੀਜੇਪੀ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ। ਇਸ ਵੇਲੇ ਅਕਾਲੀ ਦਲ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਲਈ ਬੀਜੇਪੀ ਆਪਣੀਆਂ ਸ਼ਰਤਾਂ ਮੰਨਵਾ ਸਕਦੀ ਹੈ।
ਉਧਰ, ਦਿੱਲੀ ਵਿੱਚ ਹਾਰਨ ਮਗਰੋਂ ‘ਆਪ’ ਹਾਈਕਮਾਨ ਹੁਣ ਪੰਜਾਬ ‘ਚ ਐਕਟਿਵ ਹੋ ਗਈ ਹੈ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖੁਦ ਪੰਜਾਬ ਦੇ ਦੌਰੇ ਕਰ ਰਹੇ ਹਨ। ਪੰਜਾਬ ਦੀ ਮਾਨ ਸਰਕਾਰ ਨੇ ਵੀ ਆਪਣਾ ਰੁਖ਼ ਬਦਲਿਆ ਹੈ, ਜਿੱਥੇ ਭ੍ਰਿਸ਼ਟ ਤੇ ਲਾਪ੍ਰਵਾਹ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਵੱਡੇ ਪ੍ਰਸ਼ਾਸਕੀ ਫੇਰਬਦਲ ਵੀ ਕੀਤੇ ਜਾ ਰਹੇ ਹਨ। ‘ਆਪ’ ਦੀ ਦਿੱਲੀ ਟੀਮ ਦੇ ਸੀਨੀਅਰ ਨੇਤਾ ਸਿਸੋਦੀਆ ਨੇ ਹਾਲ ਹੀ ਵਿੱਚ ਪੰਜਾਬ ਦੇ ਜ਼ੀਰਕਪੁਰ ਵਿੱਚ ਸਕੂਲਾਂ ਦੀ ਹਾਲਤ ਦਾ ਜਾਇਜ਼ਾ ਲਿਆ ਸੀ। ਉਹ ਗੁਰਦਾਸਪੁਰ ਦੇ ਦੌਰੇ ‘ਤੇ ਵੀ ਗਏ ਸਨ।
ਸ਼ਨੀਵਾਰ ਨੂੰ ਜਦੋਂ ਦਿੱਲੀ ਦੇ ਮੰਤਰੀ ਮਨਜਿੰਦਰ ਸਿਰਸਾ ਅੰਮ੍ਰਿਤਸਰ ਵਿੱਚ ਸਨ ਤਾਂ ਸਿਸੋਦੀਆ ਵੀ ਦੁਬਾਰਾ ਪੰਜਾਬ ਪਹੁੰਚੇ ਹੋਏ ਸਨ। ਸੂਤਰਾਂ ਅਨੁਸਾਰ ਸਿਸੋਦੀਆ ਆਉਣ ਵਾਲੇ ਦਿਨਾਂ ਵਿੱਚ ਕਈ ਮਹੱਤਵਪੂਰਨ ਵਿਭਾਗਾਂ ਦੇ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਤੇ ਬਿਜਲੀ, ਸਿੱਖਿਆ ਤੇ ਕਈ ਹੋਰ ਵਿਭਾਗਾਂ ਦੇ ਮੌਜੂਦਾ ਕੰਮਕਾਜ ਦਾ ਮੁਲਾਂਕਣ ਕਰਨਗੇ। ਆਮ ਆਦਮੀ ਪਾਰਟੀ ਦਾ ਭਵਿੱਖ ਹੁਣ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ।
