ਈਰਾਨ ‘ਚ ਗੁਰੂਘਰ ਨੇੜੇ ਬੰਬਾਰੀ, 90 ਸਿੱਖਾਂ ਨਾਲੋਂ ਸੰਪਰਕ ਟੁੱਟਿਆ!

ਤਹਿਰਾਨ: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਕਾਰਨ ਖੇਤਰ ਵਿੱਚ ਹਾਲਾਤ ਬੇਹੱਦ ਗੰਭੀਰ ਹੋ ਗਏ ਹਨ। ਮੀਡੀਆ ਰਿਪੋਰਟਾ ਮੁਤਾਬਕ ਤਹਿਰਾਨ ਵਿੱਚ ਸਥਿਤ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਨੇੜੇ ਹੋਈ ਬੰਬਾਰੀ ਤੋਂ ਬਾਅਦ ਉੱਥੇ ਮੌਜੂਦ ਲਗਭਗ 90 ਸਿੱਖਾਂ ਨਾਲ ਸੰਪਰਕ ਟੁੱਟ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਿੱਖ ਪਰਿਵਾਰ ਕਿਸੇ ਸੁਰੱਖਿਅਤ ਟਿਕਾਣੇ ਵੱਲ ਚਲੇ ਗਏ ਹਨ, ਪਰ ਉਨ੍ਹਾਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਰਹੀ। ਮੀਡੀਆ ਰਿਪੋਰਟਾਂ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਦੇ ਸਿੱਖ ਕਾਰੋਬਾਰੀ ਅਮਰਦੀਪ ਸਿੰਘ ਆਨੰਦ ਅਨੁਸਾਰ, ਜੰਗ ਦੇ ਪਹਿਲੇ ਦਿਨ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਹੋਇਆ ਸੀ, ਪਰ ਉਸ ਤੋਂ ਬਾਅਦ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ। ਉਥੇ ਹੀ ਦੂਜੇ ਪਾਸੇ ਕੁਝ ਖਬਰਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰੂਘਰ ਦੇ ਲਾਗੇ ਕੋਈ ਬੰਬਾਰੀ ਨਹੀਂ ਹੋਈ ਹੈ ਪਰ ਉਥੇ ਮੌਜੂਦ ਸਿੱਖ ਪਰਿਵਾਰਾਂ ਦੇ ਨਾਲ ਕੋਈ ਸੰਪਰਕ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਭਾਰੀ ਜਾਨੀ ਅਤੇ ਮਾਲੀ ਨੁਕਸਾਨ 

ਤਾਜ਼ਾ ਰਿਪੋਰਟਾਂ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 570 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ, ਅਰਾਮਕੋ ਦੀ ਰਾਸ ਤਨੂਰਾ, ਨੂੰ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਇਸ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ। ਇਸ ਤੋਂ ਇਲਾਵਾ, ਕੁਵੈਤ ਵਿੱਚ ਅਮਰੀਕਾ ਦੇ ਕਈ ਲੜਾਕੂ ਜਹਾਜ਼ ਕਰੈਸ਼ ਹੋਣ ਅਤੇ ਈਰਾਨ ਵੱਲੋਂ ਸਾਇਪ੍ਰਸ ਵਿੱਚ ਯੂ.ਕੇ. ਦੇ ਏਅਰ ਬੇਸ ‘ਤੇ ਡਰੋਨ ਹਮਲੇ ਦੀ ਖ਼ਬਰ ਹੈ।

ਫਸੇ ਹੋਏ ਭਾਰਤੀ ਅਤੇ ਵਿਦਿਆਰਥੀ ਈਰਾਨ ਵਿੱਚ ਤਕਰੀਬਨ 10,000 ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਨੇ ਮੁਲਕ ਛੱਡਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਅਨੁਸਾਰ 1,200 ਕਸ਼ਮੀਰੀ ਵਿਦਿਆਰਥੀ ਵੀ ਈਰਾਨ ਵਿੱਚ ਫਸੇ ਹੋਏ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਪੂਰੇ ਮੱਧ ਪੂਰਬ ਖੇਤਰ ਵਿੱਚ ਲਗਭਗ 10 ਮਿਲੀਅਨ ਭਾਰਤੀ ਨਾਗਰਿਕ ਮੌਜੂਦ ਹਨ।

  • ਇਜ਼ਰਾਈਲੀ ਦਾਅਵਾ: ਇਜ਼ਰਾਈਲ ਨੇ ਈਰਾਨੀ ਖੁਫੀਆ ਏਜੰਸੀ ਦੇ ਦੋ ਉੱਚ ਅਧਿਕਾਰੀਆਂ, ਸਈਅਦ ਯਾਹਯਾ ਹਮੀਦੀ ਅਤੇ ਜਲਾਲ ਪੋਰ ਹੁਸੈਨ ਨੂੰ ਹਵਾਈ ਹਮਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ। ਖੇਤਰ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।
  • ਈਰਾਨ ਦਾ ਸਟੈਂਡ: ਈਰਾਨ ਦੇ ਅੰਦਰੂਨੀ ਹਾਲਾਤ ਵਿੱਚ ਮਤਭੇਦ ਨਜ਼ਰ ਆ ਰਹੇ ਹਨ। ਜਿੱਥੇ ਸੁਰੱਖਿਆ ਸਲਾਹਕਾਰ ਅਲੀ ਲਾਰੀਜਾਨੀ ਨੇ ਅਮਰੀਕਾ ਨਾਲ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਹੈ, ਉੱਥੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦਾ ਕਹਿਣਾ ਹੈ ਕਿ ਈਰਾਨ ਹਮੇਸ਼ਾ ਗੱਲਬਾਤ ਲਈ ਤਿਆਰ ਰਿਹਾ ਹੈ।
  • ਪ੍ਰਮਾਣੂ ਪਲਾਂਟ ‘ਤੇ ਹਮਲਾ: ਈਰਾਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਨਤਾਂਜ ਨਿਊਕਲੀਅਰ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਹੈ, ਹਾਲਾਂਕਿ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਏਜੰਸੀ ਦੇ ਮੁਖੀ ਰਾਫ਼ੇਲ ਗ੍ਰਾਸੀ ਨੇ ਅਜਿਹੇ ਕਿਸੇ ਹਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
By Rajeev Sharma

Leave a Reply

Your email address will not be published. Required fields are marked *