ਵੱਡੀ ਖ਼ਬਰ ; ਮਲੇਸ਼ੀਆ ‘ਚ ਪੰਜਾਬੀ ਵਿਦਿਆਰਥਣ ਦਾ ਬੇਰਹਿਮੀ ਨਾਲ ਕਤਲ

 ਮਲੇਸ਼ੀਆ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 20 ਸਾਲਾ ਪੰਜਾਬੀ ਮੂਲ ਦੀ ਭਾਰਤੀ ਵਿਦਿਆਰਥਣ ਮਨੀਸ਼ਾਪ੍ਰੀਤ ਕੌਰ ਅਖਾੜਾ ਦੀ ਸੇਲਾਂਗੋਰ ਦੇ ਸੇਪਾਂਗ ਜ਼ਿਲ੍ਹੇ ‘ਚ ਆਪਣੇ ਕੰਡੋਮੀਨੀਅਮ ਯੂਨਿਟ ‘ਚ ਲਾਸ਼ ਬਰਾਮਦ ਹੋਈ ਹੈ। ਉਸ ਦੇ ਸਰੀਰ ਤੋਂ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਮਗਰੋਂ ਉਸ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਇਸ ਮਾਮਲੇ ‘ਚ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ਾ ਦੀ ਲਾਸ਼ 24 ਜੂਨ ਨੂੰ ਬਰਾਮਦ ਹੋਈ ਸੀ, ਜਿਸ ਮਗਰੋਂ ਕਾਰਵਾਈ ਕਰਦਿਆਂ ਪੁਲਸ ਨੇ 26 ਜੂਨ ਨੂੰ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚ 1 ਮੁੰਡਾ ਤੇ 2 ਕੁੜੀਆਂ ਸ਼ਾਮਲ ਹਨ ਤੇ ਤਿੰਨਾਂ ਦੀ ਉਮਰ 19-21 ਸਾਲ ਦੇ ਵਿਚਕਾਰ ਹੈ। ਪੁਲਸ ਨੇ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ 7 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਮਗਰੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

PunjabKesari

ਦੱਸਿਆ ਜਾ ਰਿਹਾ ਹੈ ਕਿ ਉਹ ਯੂਨੀਵਰਸਿਟੀ ਤੋਂ ਕਰੀਬ 1.5 ਕਿਲੋਮੀਟਰ ਦੂਰ ਮਿਲੀ ਇਕ ਸ਼ੇਅਰਿੰਗ ਯੂਨਿਟ ‘ਚ 5 ਹੋਰ ਵਿਦਿਆਰਥੀਆਂ ਨਾਲ ਰਹਿੰਦੀ ਸੀ, ਪਰ ਬਾਕੀ ਦੇ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਕਾਰਨ 21 ਜੂਨ ਨੂੰ ਘਰ ਚਲੇ ਗਏ ਸਨ। ਇਸ ਦੌਰਾਨ ਪ੍ਰੀਖਿਆ ਕਾਰਨ ਮਨੀਸ਼ਾ ਉੱਥੇ ਇਕੱਲੀ ਰਹਿ ਰਹੀ ਸੀ।

ਇਸ ਮਗਰੋਂ 24 ਜੂਨ ਨੂੰ ਉਸ ਦਾ ਇਕ ਦੋਸਤ ਉਸ ਨੂੰ ਮਿਲਣ ਆਇਆ ਤਾਂ ਸਵੇਰੇ ਕਰੀਬ 10 ਵਜੇ ਉਹ ਬੇਹੋਸ਼ ਹਾਲਤ ‘ਚ ਮਿਲੀ, ਜਿਸ ਮਗਰੋਂ ਉਸ ਦੇ ਦੋਸਤ ਨੇ ਪੁਲਸ ਨੂੰ ਬੁਲਾਇਆ ਤਾਂ ਪੁਲਸ ਅਧਿਕਾਰੀਆਂ ਨੇ ਜਾਂਚ ਮਗਰੋਂ ਮਨੀਸ਼ਾ ਨੂੰ ਮ੍ਰਿਤਕ ਐਲਾਨ ਦਿੱਤਾ। 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ਾ ਦੀ ਮੌਤ ਸਿਰ ‘ਚ ਜ਼ੋਰ ਨਾਲ ਕੀਤੇ ਗਏ ਵਾਰ ਕਾਰਨ ਹੋਈ ਹੈ, ਜਿਸ ਮਗਰੋਂ ਪੁਲਸ ਨੇ ਸੈਕਸ਼ਨ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮਗਰੋਂ ਜਿੱਥੇ ਮਨੀਸ਼ਾ ਫੀਜ਼ੀਓਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ, ਸਾਈਬਰਜਾਇਆ ਯੂਨੀਵਰਸਿਟੀ ਵੀ ਸਵਾਲਾਂ ਦੇ ਘੇਰੇ ‘ਚ ਆ ਗਈ ਹੈ।

By Gurpreet Singh

Leave a Reply

Your email address will not be published. Required fields are marked *