ਬੀਡ : ਮਹਾਰਾਸ਼ਟਰ ਦੇ ਬੀੜ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਸੁਨੇਹਾ ਮਿਲਿਆ ਹੈ, ਜਿਸ ਨੂੰ ਸੁਣ ਕੇ ਉਸ ਦੇ ਅਤੇ ਪੁਲਸ ਦੇ ਹੋਸ਼ ਉੱਡ ਗਏ। ਨੌਜਵਾਨ ਨੂੰ ਮਿਲੇ ਸੁਨੇਹੇ ਵਿਚ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਨੂੰ ਬੰਬ, ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਨੌਜਵਾਨ ਅਨੁਸਾਰ ਉਸਨੂੰ ਇਹ ਸੁਨੇਹਾ ਪਾਕਿਸਤਾਨ ਤੋਂ ਆਇਆ ਦੱਸਿਆ ਗਿਆ ਹੈ। ਨੌਜਵਾਨ ਨੂੰ ਭੇਜੇ ਗਏ ਸੁਨੇਹੇ ਵਿੱਚ ਉਸਨੂੰ ਸ਼੍ਰੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ, ਮਦਦ ਕਰਨ ਦੇ ਬਦਲੇ ਵਿੱਚ ਇੱਕ ਲੱਖ ਰੁਪਏ ਦੇਣ ਅਤੇ ਇਸ ਕੰਮ ਲਈ 50 ਲੋਕਾਂ ਨੂੰ ਭਰਤੀ ਕਰਨ ਦੀ ਗੱਲ ਕੀਤੀ ਹੈ।
ਆਰਡੀਐਕਸ ਨਾਲ ਤਬਾਹ ਕਰ ਦਿੱਤਾ ਜਾਵੇਗਾ ਸ਼੍ਰੀ ਰਾਮ ਮੰਦਰ
ਦੱਸ ਦੇਈਏ ਕਿ ਸੁਨੇਹਾ ਭੇਜਣ ਵਾਲੇ ਵਿਅਕਤੀ ਨੇ ਨੌਜਵਾਨ ਨੂੰ ਧਮਕੀ ਦਿੱਤੀ ਹੈ ਕਿ ਸ਼੍ਰੀ ਰਾਮ ਮੰਦਰ ਨੂੰ ਆਰਡੀਐਕਸ ਨਾਲ ਤਬਾਹ ਕਰ ਦਿੱਤਾ ਜਾਵੇਗਾ ਅਤੇ ਆਪਣੀ ਪਛਾਣ ਦੇ ਸਬੂਤ ਵਜੋਂ ਕਰਾਚੀ ਦਾ ਇਕ ਲੋਕੇਸ਼ਨ ਪਿੰਨ ਵੀ ਸਾਂਝਾ ਕੀਤਾ ਹੈ। ਅਚਾਨਕ ਮਿਲੇ ਸੁਨੇਹੇ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਤੁਰੰਤ ਸ਼ਿਰੂਰ ਕਸਾਰ ਪੁਲਸ ਸਟੇਸ਼ਨ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਨੌਜਵਾਨ ਦੇ ਬਿਆਨ ਆਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਵਿਸਥਾਰਤ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅੱਗੇ ਵਧਣ ਨਾਲ ਹੋਰ ਸਪੱਸ਼ਟਤਾ ਸਾਹਮਣੇ ਆਵੇਗੀ।
ਹਾਈ ਅਲਰਟ ਜਾਰੀ
ਦੂਜੇ ਪਾਸੇ ਇਸ ਸੁਨੇਹਾ ਵਿਚ ਨਾ ਸਿਰਫ਼ ਧਮਕੀ ਦਿੱਤੀ ਗਈ ਹੈ ਸਗੋਂ ਹੋਰ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਜਿਸ ਨਾਲ ਇੱਕ ਵੱਡੇ ਤਾਲਮੇਲ ਵਾਲੇ ਹਮਲੇ ਦੀ ਸੰਭਾਵਨਾ ਵੱਧ ਜਾਂਦੀ ਹੈ। ਪੁਲਸ ਨੇ ਨੌਜਵਾਨ ਦੇ ਅਕਾਊਂਟ ਦੀ ਪੁਸ਼ਟੀ ਕਰ ਲਈ ਹੈ ਅਤੇ ਉਕਤ ਸੁਨੇਹੇ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਹੈਂਡਲ ਦੇ ਮੂਲ ਅਤੇ ਪਾਕਿਸਤਾਨ ਨਾਲ ਇਸਦੇ ਲਿੰਕਾਂ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਜ਼ਿਲ੍ਹੇ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ ਅਤੇ ਸਥਾਨਕ ਅਧਿਕਾਰੀ ਹਾਈ ਅਲਰਟ ‘ਤੇ ਹਨ।
ਪਹਿਲਾਂ ਵੀ ਮਿਲ ਚੁੱਕੀ ਹੈ ਧਮਕੀ
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਯੁੱਧਿਆ ਰਾਮ ਮੰਦਰ ਨੂੰ ਧਮਕੀ ਮਿਲੀ ਹੈ। ਜਨਵਰੀ 2024 ਵਿੱਚ ਮੰਦਰ ਦੇ ਪ੍ਰਾਣ-ਪ੍ਰਤੀਸ਼ਠਾ ਸਮਾਰੋਹ ਤੋਂ ਪਹਿਲਾਂ ਕਈ ਧਮਕੀਆਂ ਮਿਲੀਆਂ ਸਨ। ਉਸੇ ਸਾਲ ਸਤੰਬਰ ਵਿੱਚ ਬਿਹਾਰ ਦੇ ਭਾਗਲਪੁਰ ਦੇ ਇੱਕ ਨੌਜਵਾਨ ਨੂੰ ਆਨਲਾਈਨ ਧਮਕੀਆਂ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲ ਹੀ ਵਿੱਚ ਅਪ੍ਰੈਲ 2025 ਵਿੱਚ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਈਮੇਲ ਮੰਦਰ ਟਰੱਸਟ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਭੇਜਿਆ ਗਿਆ ਸੀ। ਤਾਮਿਲਨਾਡੂ ਤੋਂ ਆਈ ਉਸ ਈਮੇਲ ਵਿੱਚ ਮੰਦਰ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰਨ ਦੀ ਮੰਗ ਵੀ ਕੀਤੀ ਗਈ ਸੀ। ਹੁਣ, ਪਾਕਿਸਤਾਨ ਤੋਂ ਇੱਕ ਨਵਾਂ ਅਤੇ ਸਿੱਧਾ ਸੁਨੇਹਾ ਆਉਣ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਵਿੱਚੋਂ ਇੱਕ ਲਈ ਸੰਭਾਵੀ ਖਤਰਿਆਂ ਨੂੰ ਬੇਅਸਰ ਕਰਨ ਦੇ ਜ਼ਰੂਰੀ ਕੰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।