ਕੈਬਨਿਟ ਨੇ 22,864 ਕਰੋੜ ਰੁਪਏ ਦੇ ਸ਼ਿਲਾਂਗ-ਸਿਲਚਰ ਹਾਈਵੇਅ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਮੇਘਾਲਿਆ ਦੇ ਮਾਵਲਿੰਗਖੁੰਗ ਤੋਂ ਅਸਾਮ ਦੇ ਪੰਚਗ੍ਰਾਮ ਤੱਕ 22,864 ਕਰੋੜ ਰੁਪਏ ਦੀ ਲਾਗਤ ਨਾਲ 166.80 ਕਿਲੋਮੀਟਰ ਲੰਬੇ ਹਾਈਵੇਅ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਇਸ ਹਾਈਵੇਅ ਪ੍ਰਾਜੈਕਟ ਦਾ 144.80 ਕਿਲੋਮੀਟਰ ਲੰਬਾ ਹਿੱਸਾ ਮੇਘਾਲਿਆ ‘ਚ ਸਥਿਤ ਹੈ ਅਤੇ 22 ਕਿਲੋਮੀਟਰ ਲੰਬਾ ਹਿੱਸਾ ਆਸਾਮ ‘ਚ ਸਥਿਤ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ‘ਚ ਲਿਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਮੇਘਾਲਿਆ ਦੇ ਮਾਵਲਿੰਗਖੁੰਗ (ਸ਼ਿਲਾਂਗ ਦੇ ਨੇੜੇ) ਤੋਂ ਆਸਾਮ ਦੇ ਪੰਚਗ੍ਰਾਮ (ਸਿਲਚਰ ਦੇ ਨੇੜੇ) ਤੱਕ ਨੈਸ਼ਨਲ ਹਾਈਵੇਅ ਨੰਬਰ 06 ਦੀ 166.80 ਕਿਲੋਮੀਟਰ ਲੰਬੀ ਚਾਰ-ਮਾਰਗੀ ਸੜਕ ਦੇ ਵਿਕਾਸ, ਰੱਖ-ਰਖਾਅ ਅਤੇ ਪ੍ਰਬੰਧਨ ਦੇ ਪ੍ਰਸਤਾਵ ਨੂੰ ਹਾਈਬ੍ਰਿਡ ਐਨੂਇਟੀ ਮੋਡ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦੀ ਕੁੱਲ ਪੂੰਜੀ ਲਾਗਤ 22,864 ਕਰੋੜ ਰੁਪਏ ਹੈ। ਪ੍ਰਸਤਾਵਿਤ ਹਾਈ-ਸਪੀਡ ਕੋਰੀਡੋਰ ਗੁਹਾਟੀ ਅਤੇ ਸਿਲਚਰ ਵਿਚਕਾਰ ਚੱਲਣ ਵਾਲੇ ਟ੍ਰੈਫਿਕ ਲਈ ਸੇਵਾ ਪੱਧਰ ‘ਚ ਸੁਧਾਰ ਕਰੇਗਾ।

ਇਸ ਦੇ ਵਿਕਾਸ ਨਾਲ ਤ੍ਰਿਪੁਰਾ, ਮਿਜ਼ੋਰਮ, ਮਣੀਪੁਰ ਅਤੇ ਆਸਾਮ ਦੇ ਬਰਾਕ ਘਾਟੀ ਖੇਤਰ ਦੀ ਮੁੱਖ ਭੂਮੀ ਅਤੇ ਗੁਹਾਟੀ ਨਾਲ ਸੜਕ ਸੰਪਰਕ ‘ਚ ਸੁਧਾਰ ਹੋਵੇਗਾ ਅਤੇ ਯਾਤਰਾ ਦੀ ਦੂਰੀ ਅਤੇ ਯਾਤਰਾ ਦੇ ਸਮੇਂ ‘ਚ ਕਾਫ਼ੀ ਕਮੀ ਆਵੇਗੀ। ਬਿਆਨ ਦੇ ਅਨੁਸਾਰ, ਇਹ ਹਾਈਵੇਅ ਦੇਸ਼ ਦੀ ਲੌਜਿਸਟਿਕਸ ਕੁਸ਼ਲਤਾ ਨੂੰ ਵਧਾਉਣ ‘ਚ ਵੀ ਯੋਗਦਾਨ ਪਾਵੇਗਾ। ਇਹ ਲਾਂਘਾ ਆਸਾਮ ਅਤੇ ਮੇਘਾਲਿਆ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਏਗਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਜਿਸ ‘ਚ ਮੇਘਾਲਿਆ ‘ਚ ਉਦਯੋਗਾਂ ਦਾ ਵਿਕਾਸ ਵੀ ਸ਼ਾਮਲ ਹੈ, ਕਿਉਂਕਿ ਇਹ ਮੇਘਾਲਿਆ ਦੇ ਸੀਮੈਂਟ ਅਤੇ ਕੋਲਾ ਉਤਪਾਦਕ ਖੇਤਰਾਂ ‘ਚੋਂ ਲੰਘੇਗਾ। ਵੈਸ਼ਨਵ ਨੇ ਕਿਹਾ,”ਇਹ ਕੋਰੀਡੋਰ ਗੁਹਾਟੀ ਹਵਾਈ ਅੱਡੇ, ਸ਼ਿਲਾਂਗ ਹਵਾਈ ਅੱਡੇ ਅਤੇ ਸਿਲਚਰ ਹਵਾਈ ਅੱਡੇ ਤੋਂ ਆਉਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਹ ਉੱਤਰ-ਪੂਰਬ ਦੇ ਸੈਰ-ਸਪਾਟਾ ਸਥਾਨਾਂ ਨੂੰ ਜੋੜੇਗਾ, ਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।” ਇਹ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਗੁਹਾਟੀ, ਸ਼ਿਲਾਂਗ ਅਤੇ ਸਿਲਚਰ ਵਿਚਕਾਰ ਸੰਪਰਕ ਨੂੰ ਵੀ ਬਿਹਤਰ ਬਣਾਏਗਾ। ਇਹ ਹਾਈਵੇਅ ਮੇਘਾਲਿਆ ਦੇ ਰੀ ਭੋਈ, ਪੂਰਬੀ ਖਾਸੀ ਪਹਾੜੀਆਂ, ਪੱਛਮੀ ਜੈਂਤੀਆ ਪਹਾੜੀਆਂ ਅਤੇ ਪੂਰਬੀ ਜੈਂਤੀਆ ਪਹਾੜੀਆਂ ਅਤੇ ਆਸਾਮ ਦੇ ਕਛਾਰ ਜ਼ਿਲ੍ਹੇ ‘ਚੋਂ ਲੰਘੇਗਾ। ਇਸ ਦੇ ਪੂਰਾ ਹੋਣ ‘ਤੇ, ਸ਼ਿਲਾਂਗ-ਸਿਲਚਰ ਕੋਰੀਡੋਰ ਖੇਤਰੀ ਆਰਥਿਕ ਵਿਕਾਸ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਪ੍ਰਾਜੈਕਟ ਮੇਘਾਲਿਆ, ਆਸਾਮ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ‘ਚ ਰੁਜ਼ਗਾਰ ਪੈਦਾ ਕਰਨ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਸਰਕਾਰ ਦੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

By Rajeev Sharma

Leave a Reply

Your email address will not be published. Required fields are marked *