ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਵਿੰਡਸਰ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਕਾਰਨੀ ਨੇ “ਸਟ੍ਰੈਟਜਿਕ ਰਿਸਪਾਂਸ ਫੰਡ” ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ। ਇਸ ਫੰਡ ਨੂੰ ਆਟੋ ਉਦਯੋਗ ਦੀ ਮੁਕਾਬਲੇਬਾਜ਼ੀ ਵਧਾਉਣ, ਨੌਕਰੀਆਂ ਬਚਾਉਣ, ਕੰਮਿਆਂ ਨੂੰ ਹੋਰ ਮਹਾਰਤ ਪ੍ਰਾਪਤ ਕਰਨ ਅਤੇ ਕੈਨੇਡਾ ਅਧਾਰਤ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ।ਕਾਰਨੀ ਨੇ ਆਟੋ ਉਦਯੋਗ ਦੀ ਮਹੱਤਤਾ ‘ਤੇ ज़ੋਰ ਦਿੰਦਿਆਂ ਕਿਹਾ ਕਿ “ਸਾਡਾ ਆਟੋ ਸੈਕਟਰ ਹਮੇਸ਼ਾ ਸਾਡੇ ਦੇਸ਼ ਲਈ ਮੌਜੂਦ ਰਿਹਾ ਹੈ, ਇਸ ਲਈ ਅਸੀਂ ਵੀ ਅਨਿਸ਼ਚਿਤਤਾ ਅਤੇ ਲੋੜ ਦੇ ਇਸ ਸਮੇਂ ਵਿੱਚ ਆਪਣੇ ਆਟੋ ਵਰਕਰਾਂ ਲਈ ਖੜ੍ਹੇ ਰਹਾਂਗੇ।”
ਵਿੰਡਸਰ, ਜੋ ਕਿ ਕੈਨੇਡਾ ਦੇ ਆਟੋ ਉਦਯੋਗ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਫੋਰਡ ਅਤੇ ਸਟੈਲੈਂਟਿਸ ਵਰਗੇ ਵੱਡੇ ਆਟੋ ਪਲਾਂਟ ਮੌਜੂਦ ਹਨ। ਕਾਰਨੀ ਨੇ ਇਹ ਵੀ ਦਰਸਾਇਆ ਕਿ ਕੈਨੇਡਾ-ਅਮਰੀਕਾ ਵਪਾਰਕ ਸਬੰਧਾਂ ਵਿੱਚ ਵੀ ਇਸ ਸ਼ਹਿਰ ਦੀ ਇੱਕ ਵੱਡੀ ਭੂਮਿਕਾ ਹੈ।ਉਤਪਾਦਨ ਦੌਰਾਨ ਆਟੋ ਪਾਰਟਸ ਬਾਰ-ਬਾਰ ਸਰਹੱਦ ਪਾਰ ਕਰਦੇ ਹਨ, ਜਿਸ ਨਾਲ ਵਾਧੂ ਲਾਗਤਾਂ ਵਧ ਜਾਂਦੀਆਂ ਹਨ। ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਟੈਰਿਫ ਇਸ ਮਸਲੇ ਨੂੰ ਹੋਰ ਗੰਭੀਰ ਬਣਾ ਰਹੇ ਹਨ। ਕਾਰਨੀ ਨੇ ਇਹਨੂੰ ਇੱਕ ਵੱਡੀ ਕਮਜ਼ੋਰੀ ਦੱਸਦੇ ਹੋਏ ਵਾਅਦਾ ਕੀਤਾ ਕਿ ਉਹ “ਆਲ-ਇਨ-ਕੈਨੇਡਾ” ਉਤਪਾਦਨ ਨੈੱਟਵਰਕ ਬਣਾਉਣਗੇ, ਤਾਂ ਜੋ ਵਧੇਰੇ ਪੁਰਜ਼ੇ ਦੇਸ਼ ਵਿੱਚ ਹੀ ਬਣਨ ਅਤੇ ਉਤਪਾਦਨ ਦੌਰਾਨ ਉਨ੍ਹਾਂ ਨੂੰ ਘੱਟ ਹੀ ਸਰਹੱਦ ਪਾਰ ਕਰਨਾ ਪਵੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ 28 ਅਪ੍ਰੈਲ ਨੂੰ ਉਨ੍ਹਾਂ ਦੀ ਜਿੱਤ ਹੁੰਦੀ ਹੈ, ਤਾਂ ਉਨ੍ਹਾਂ ਦੀ ਸਰਕਾਰ ਕੈਨੇਡੀਅਨ-ਨਿਰਮਿਤ ਵਾਹਨਾਂ ਨੂੰ ਤਰਜੀਹ ਦੇਵੇਗੀ।
ਕਾਰਨੀ ਦੀ ਇਹ ਮੁਹਿੰਮ ਸਿਰਫ਼ ਆਟੋ ਉਦਯੋਗ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਵਪਾਰਕ ਨੀਤੀ ਦਾ ਮੁਕਾਬਲਾ ਕਰਨ ਦੀ ਇੱਕ ਯੋਜਨਾ ਦਾ ਹਿੱਸਾ ਹੈ। ਟਰੰਪ ਪਹਿਲਾਂ ਹੀ ਕੈਨੇਡੀਅਨ ਸਟੀਲ ‘ਤੇ 25% ਟੈਰਿਫ ਲਾਗੂ ਕਰ ਚੁੱਕੇ ਹਨ ਅਤੇ 2 ਅਪ੍ਰੈਲ ਤੋਂ ਹੋਰ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ।ਕਾਰਨੀ ਨੇ ਆਖਰੀ ਵਿੱਚ ਇਹ ਵਾਅਦਾ ਵੀ ਕੀਤਾ ਕਿ ਇਹ ਨਵੀਂ ਯੋਜਨਾ “ਨਵੀਂ ਦੁਨੀਆਂ ਵਿੱਚ ਕੈਨੇਡਾ ਲਈ ਇੱਕ ਵੱਡੀ ਕਮਾਈ ਸਾਬਤ ਹੋਵੇਗੀ” ਅਤੇ ਇਹਦੇ ਨਾਲ ਦੇਸ਼ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ।