ਕੈਨੇਡਾ: ਮਨੁੱਖੀ ਤਸਕਰੀ ਦੇ ਦੋਸ਼ ਹੇਠ ਹਰਸ਼ ਪਟੇਲ ਨੂੰ 10 ਸਾਲ ਦੀ ਕੈਦ

ਨੈਸ਼ਨਲ ਟਾਈਮਜ਼ ਬਿਊਰੋ :- ਮਿਨੀਸੋਟਾ ਦੇ ਜੱਜ ਨੇ 25 ਜਨਵਰੀ 2022 ਦੀ ਬਰਫਾਨੀ ਰਾਤ ਅਮਰੀਕਾ ਵੱਲ ਸਰਹੱਦ ਪਾਰ ਕਰਦਿਆਂ ਮਾਰੇ ਗਏ ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਵਾਲੇ ਮਾਮਲੇ ਵਿਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਡੀ ਨੂੰ ਦੋਸ਼ੀ ਮੰਨਦਿਆਂ ਕ੍ਰਮਵਾਰ 10 ਅਤੇ ਸਾਢੇ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕਨ ਜ਼ਿਲ੍ਹਾ ਜੱਜ ਜੌਹਨ ਟੁਨਹੇਮ ਨੇ ਕਿਹਾ ਕਿ ਪੈਸੇ ਪਿੱਛੇ ਮਨੁੱਖੀ ਜਾਨਾਂ ਨੂੰ ਦਾਅ ’ਤੇ ਲਾਉਣ ਵਾਲੇ ਕਿਸੇ ਲਿਹਾਜ ਦੇ ਹੱਕਦਾਰ ਨਹੀਂ। ਜੱਜ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਨਿਰਦੋਸ਼ ਹੋਣ ਦੀਆਂ ਦਲੀਲਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਅਜਿਹੇ ਕੇਸਾਂ ਵਿਚ ਮਿਸਾਲੀ ਸਜ਼ਾਵਾਂ ਜ਼ਰੂਰੀ ਹਨ। ਜੱਜ ਨੇ ਇਸਤਗਾਸਾ ਧਿਰ ਦੇ ਇਸ ਦਲੀਲ ਨੂੰ ਮੰਨਿਆ ਕਿ ਦੋਸ਼ੀ ਭਾਰਤ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਅਤੇ ਕਈ ਹੋਰਾਂ ਨੂੰ ਵੀ ਚੋਰੀ ਛਿਪੇ ਸਰਹੱਦ ਪਾਰ ਕਰਾਉਣ ਦੀ ਸੌਦੇਬਾਜ਼ੀ ਕੀਤੀ। ਉਸ ਦਿਨ ਹਰਸ਼ ਪਟੇਲ ਨੇ 10-12 ਵਿਅਕਤੀਆਂ ਦੇ ਗਰੁੱਪ ਨੂੰ ਬਰਫਬਾਰੀ ਦੀ ਆੜ ਹੇਠ ਸਰਹੱਦ ਪਾਰ ਕਰਵਾਉਣ ਦੀ ਵਿਉਂਤ ਘੜੀ ਤੇ ਅਮਰੀਕਾ ਵਾਲੇ ਪਾਸੇ ਸਟੀਵ ਕੈਂਡੀ ਨੂੰ ਟੈਕਸੀ ਵਿੱਚ ਸੰਭਾਲ ਕੇ ਠਿਕਾਣੇ ਪਹੁੰਚਾਉਣ ਲਈ ਸੱਦਿਆ ਸੀ।

ਪਾਠਕਾਂ ਨੂੰ ਪੰਜਾਬੀ ਟ੍ਰਿਬਿਊਨ ਵਿਚ ਛਪੀ ਖਬਰ ਦਾ ਚੇਤਾ ਕਰਾਇਆ ਜਾਂਦਾ ਹੈ ਕਿ 25 ਜਨਵਰੀ 2022 ਦੀ ਰਾਤ ਵਿਨੀਪੈੱਗ ਖੇਤਰ ਚ ਭਾਰੀ ਬਰਫਬਾਰੀ ਹੋਈ ਸੀ ਤੇ ਅਗਲੀ ਸਵੇਰੇ ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ ਦਲ ਨੇ ਸਰਹੱਦ ਕੋਲ ਬਰਫ ਵਿੱਚ ਫਸੀ ਟੈਕਸੀ ਵੇਖੀ। ਟੈਕਸੀ ਵਿੱਚ ਸਵਾਰ 7 ਜਣਿਆਂ ਨੇ ਪੁੱਛਗਿੱਛ ਦੌਰਾਨ ਸੱਚ ਦੱਸ ਦਿੱਤਾ ਕਿ ਉਨ੍ਹਾਂ ਬੀਤੀ ਰਾਤ ਗੈਰਕਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ। ਉਨ੍ਹਾਂ ’ਚੋਂ ਹੀ ਕਿਸੇ ਦੇ ਬੈਗ ’ਚੋਂ ਛੋਟੇ ਬੱਚੇ ਦੇ ਕਪੜੇ ਮਿਲੇ, ਜਿਸ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਲੱਗਾ। ਭਾਲ ਦੌਰਾਨ ਚਾਰ ਲਾਸ਼ਾਂ ਲੱਭੀਆਂ। ਲਾਸ਼ਾਂ ਤੋਂ ਮਿਲੇ ਦਸਤਾਵੇਜ਼ਾਂ ਤੋਂ ਇਨ੍ਹਾਂ ਦੀ ਪਛਾਣ ਭਾਰਤੀ ਮੂਲ ਦੇ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀ ਬਿਨ ਪਟੇਲ (37), ਧੀ ਵਿਹਾਂਗੀ (11) ਤੇ ਪੁੱਤ ਧਾਰਮਿਕ (3) ਵਜੋਂ ਹੋਈ। ਇਹ ਸਾਰੇ ਉਸ ਰਾਤ ਸਰਹੱਦ ਪਾਰ ਕਰਦਿਆਂ ਮਨਫੀ 35 ਦੀ ਸੀਤ ਦੀ ਲਪੇਟ ਵਿੱਚ ਆ ਕੇ ਮਾਰੇ ਗਏ।
ਬੇਸ਼ੱਕ ਕੇਸ ਦੀ ਸੁਣਵਾਈ ਦੌਰਾਨ ਸਟੀਵ ਸ਼ੈਡੀ ਨੇ ਕਿਰਾਏ ’ਤੇ ਕੀਤੀ ਟੈਕਸੀ ਦਾ ਚਾਲਕ ਹੋਣ ਦਾ ਦਾਅਵਾ ਕੀਤਾ, ਪਰ ਜੱਜ ਨੇ ਮੰਨਿਆ ਕਿ ਦੋਵੇਂ ਰਲ ਮਿਲ ਕੇ ਭਾਰਤ ਤੋਂ ਸੈਲਾਨੀ ਜਾਂ ਸਟੱਡੀ ਵੀਜ਼ੇ ’ਤੇ ਆਏ ਲੋਕਾਂ ਨੂੰ ਸਰਹੱਦ ਪਾਰ ਕਰਾਉਣ ਦਾ ਕੰਮ ਕਰਦੇ ਸਨ। ਹਰਸ਼ ਪਟੇਲ ਲੋਕਾਂ ਨੂੰ ਕੈਨੇਡਾ ਵਾਲੇ ਪਾਸਿਓਂ ਸਰਹੱਦ ’ਤੇ ਲੈ ਜਾਂਦਾ ਤੇ ਅਮਰੀਕਾ ਵਾਲੇ ਪਾਸਿਓਂ ਸਟੀਵ ਉਨ੍ਹਾਂ ਨੂੰ ਵੱਡੀ ਟੈਕਸੀ ਵਿੱਚ ਬੈਠਾ ਕੇ ਅਮਰੀਕਾ ’ਚ ਕਿਸੇ ਠਿਕਾਣੇ ਉੱਤੇ ਛੱਡ ਆਉਂਦਾ ਸੀ। ਬਚਾਅ ਪੱਖ ਦੇ ਵਕੀਲ ਨੇ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।

By Rajeev Sharma

Leave a Reply

Your email address will not be published. Required fields are marked *