ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲਣਗੇ ਅਤੇ ਸੰਸਦ ਭੰਗ ਕਰਕੇ ਫ਼ੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ, 28 ਅਪ੍ਰੈਲ ਨੂੰ ਚੋਣਾਂ ਹੋਣਗੀਆਂ, ਜਿਸ ਲਈ ਪਾਰਟੀਆਂ ਘੱਟੋ-ਘੱਟ ਸਮੇਂ ਦੀ ਚੋਣ ਮੁਹਿੰਮ ਚਲਾਉਣਗੀਆਂ।ਕੈਨੇਡਾ ਦੇ ਚੋਣ ਨਿਯਮਾਂ ਅਨੁਸਾਰ, ਫੈਡਰਲ ਚੋਣ ਮੁਹਿੰਮ 37 ਤੋਂ 51 ਦਿਨਾਂ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਚੋਣਾਂ ਹਮੇਸ਼ਾ ਸੋਮਵਾਰ ਨੂੰ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ CBC ਨੂੰ ਦੱਸਿਆ ਕਿ ਮਾਰਕ ਕਾਰਨੀ ਆਪਣੀ ਕੈਬਿਨੇਟ ਨਾਲ ਮਿਲਣਗੇ, ਜਿਸ ਤੋਂ ਬਾਅਦ ਗਵਰਨਰ ਜਨਰਲ ਐਤਵਾਰ ਨੂੰ ਇਕ ਨਿਊਜ਼ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕਰਨਗੇ।
ਮਾਰਕ ਕਾਰਨੀ ਦੇਸੀ-ਵਿਦੇਸ਼ੀ ਸਥਿਤੀਆਂ ਨੂੰ ਵੇਖਦੇ ਹੋਏ ਇਹ ਚੋਣ ਜਲਦੀ ਕਰਵਾ ਰਹੇ ਹਨ। ਹਾਲਾਂਕਿ ਕੁਝ ਸਰਵੇ ਲਿਬਰਲ ਪਾਰਟੀ ਨੂੰ ਅੱਗੇ ਦਿਖਾ ਰਹੇ ਹਨ, ਪਰ ਕੁਝ ਹੋਰ ਸਰਵੇਅਂ ਅਨੁਸਾਰ ਕੰਸਰਵੇਟਿਵ ਤੇ ਲਿਬਰਲ ਪਾਰਟੀ ਵਿਚ ਕਰੀਬ ਕਰੀਬ ਬਰਾਬਰੀ ਦੀ ਟੱਕਰ ਜਾਪ ਰਹੀ ਹੈ।
ਮਾਰਕ ਕਾਰਨੀ, ਜੋ ਕਿ ਪਹਿਲਾਂ ਕੈਨੇਡਾ ਅਤੇ ਇੰਗਲੈਂਡ ਦੇ ਕੇਂਦਰੀ ਬੈਂਕ ਮੁਖੀ ਰਹਿ ਚੁੱਕੇ ਹਨ, ਓਟਾਵਾ ਦੇ ਨੇਪੀਅਨ ਖੇਤਰ ਤੋਂ ਸੰਸਦ ਮੈਂਬਰ ਬਣਨ ਲਈ ਚੋਣ ਲੜਨਗੇ। ਲਿਬਰਲ ਪਾਰਟੀ ਨੇ ਇਹ ਐਲਾਨ ਕੀਤਾ ਕਿ ਉਹ ਨੇਪੀਅਨ ਦੀ ਨੁਮਾਇੰਦਗੀ ਲਈ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਲੈਣਗੇ।ਉਹ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਚੁੱਕੇ ਹਨ, ਪਰ ਹੁਣ ਆਮ ਚੋਣਾਂ ਰਾਹੀਂ ਉਹ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹਨ। ਇਹ ਚੋਣ ਕੈਨੇਡਾ ਦੀ ਆਉਣ ਵਾਲੀ ਸਰਕਾਰ ਦੀ ਦਿਸ਼ਾ ਤੈਅ ਕਰੇਗੀ।