ਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ $7.1 ਬਿਲੀਅਨ ਦੇ ਰਿਕਾਰਡ ਪੱਧਰ ‘ਤੇ ਪਹੁੰਚਿਆ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਨੇ ਅਪ੍ਰੈਲ ਮਹੀਨੇ ਵਿੱਚ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ – $7.1 ਬਿਲੀਅਨ – ਦਾ ਮਾਲ ਵਪਾਰ ਘਾਟਾ ਦਰਜ ਕੀਤਾ। ਅਮਰੀਕੀ ਟੈਰਿਫ਼ਾਂ ਕਾਰਨ ਨਿਰਯਾਤ ਵਿੱਚ ਵੱਡੀ ਕਮੀ ਕਰਕੇ ਇਹ ਘਾਟਾ ਦਰਜ ਹੋਇਆ ਹੈ।

ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਮਾਰਚ ਵਿੱਚ ਇਹ ਘਾਟਾ $2.3 ਬਿਲੀਅਨ ਸੀ, ਜਿਸਦੇ ਮੁਕਾਬਲੇ ਅਪ੍ਰੈਲ ਵਿੱਚ ਇਹ ਕਾਫ਼ੀ ਵਧ ਗਿਆ।

ਅਪ੍ਰੈਲ ਦੌਰਾਨ ਕੁੱਲ ਨਿਰਯਾਤ ਵਿੱਚ 10.8% ਦੀ ਕਮੀ ਆਈ ਅਤੇ ਨਿਰਯਾਤ $60.4 ਬਿਲੀਅਨ ‘ਤੇ ਆ ਗਿਆ। ਜੂਨ 2023 ਤੋਂ ਬਾਅਦ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਵਾਹਨਾਂ ਅਤੇ ਉਹਨਾਂ ਦੇ ਪੁਰਜ਼ਿਆਂ ਦੇ ਨਿਰਯਾਤ ਵਿੱਚ 17.4% ਦੀ ਕਮੀ ਆਈ।

ਉਪਭੋਗਤਾ ਸਮਾਨ (consumer goods) ਦੇ ਨਿਰਯਾਤ ਵਿਚ 15.4% ਦੀ ਕਮੀ ਆਈ, ਜਦ ਕਿ ਊਰਜਾ ਉਤਪਾਦਾਂ ਦੇ ਨਿਰਯਾਤ ਵਿਚ 7.9% ਗਿਰਾਵਟ ਦਰਜ ਹੋਈ।

ਦੂਜੇ ਪਾਸੇ, ਕੁੱਲ ਆਯਾਤ ਵੀ 3.5% ਘਟ ਕੇ $67.6 ਬਿਲੀਅਨ ਰਿਹਾ। ਵਾਹਨਾਂ ਅਤੇ ਉਹਨਾਂ ਦੇ ਪੁਰਜ਼ਿਆਂ ਦੇ ਆਯਾਤ ਵਿਚ 17.7% ਕਮੀ ਆਈ ਅਤੇ ਉਦਯੋਗਿਕ ਮਸ਼ੀਨਰੀ ਅਤੇ ਉਪਕਰਣਾਂ ਦਾ ਆਯਾਤ 9.5% ਘਟਿਆ ਦਰਜ ਹੋਇਆ।

ਅਸਲ ਮਾਤਰਾ ਦੇ ਨੁਕਤੇ ਤੋਂ, ਅਪ੍ਰੈਲ ਦੌਰਾਨ ਕੁੱਲ ਨਿਰਯਾਤ 9.1% ਘਟਿਆ ਅਤੇ ਆਯਾਤ ਵਿਚ 2.9% ਕਮੀ ਦਰਜ ਹੋਈ।

ਕੈਨੇਡਾ ਨੇ ਅਪ੍ਰੈਲ ਵਿੱਚ ਅਮਰੀਕਾ ਨਾਲ $3.6 ਬਿਲੀਅਨ ਦਾ ਵਪਾਰਕ ਸਰਪਲਸ ਦਰਜ ਕੀਤਾ — ਜੋ ਕਿ ਇਸਦੇ ਸਭ ਤੋਂ ਵੱਡੇ ਵਪਾਰਕ ਭਾਈਚਾਲ ਨਾਲ ਦਸੰਬਰ 2020 ਤੋਂ ਬਾਅਦ ਦਾ ਸਭ ਤੋਂ ਛੋਟਾ ਵਪਾਰਕ ਸਰਪਲਸ ਹੈ। ਅਮਰੀਕਾ ਨੂੰ ਨਿਰਯਾਤ 15.7% ਘਟਿਆ ਅਤੇ ਅਮਰੀਕਾ ਤੋਂ ਆਯਾਤ 10.8% ਘਟਿਆ।

ਕੈਨੇਡਾ ਦਾ ਦੂਜੇ ਦੇਸ਼ਾਂ ਨਾਲ ਵਪਾਰਕ ਘਾਟਾ ਅਪ੍ਰੈਲ ਵਿੱਚ $10.7 ਬਿਲੀਅਨ ਰਿਹਾ, ਜੋ ਕਿ ਮਾਰਚ ਵਿਚ $9 ਬਿਲੀਅਨ ਸੀ।

ਅਮਰੀਕਾ ਨੂੰ ਛੱਡ ਕੇ ਕੈਨੇਡਾ ਦਾ ਹੋਰ ਦੇਸ਼ਾਂ ਨੂੰ ਨਿਰਯਾਤ 2.9% ਵਧ ਕੇ ਅਪ੍ਰੈਲ ਦੌਰਾਨ $18.3 ਬਿਲੀਅਨ ਦਰਜ ਹੋਇਆ, ਜਦ ਕਿ ਅਮਰੀਕਾ ਨੂੰ ਛੱਡ ਕੇ ਹੋਰ ਦੇਸ਼ਾਂ ਤੋਂ ਆਯਾਤ 8.3% ਵਧਿਆ ਅਤੇ ਰਿਕਾਰਡ $29 ਬਿਲੀਅਨ ਦਰਜ ਹੋਇਆ।

By Rajeev Sharma

Leave a Reply

Your email address will not be published. Required fields are marked *