ਨੈਸ਼ਨਲ ਟਾਈਮਜ਼ ਬਿਊਰੋ :- ਸਮਰਾਲਾ ਦੇ ਨੇੜਲੇ ਪਿੰਡ ਘੁਲਾਲ ਵਿਖੇ ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਮਾਰਗ ‘ਤੇ ਸਥਿਤ ਟੋਲ ਪਲਾਜਾ ‘ਤੇ ਅੱਜ ਦੁਪਹਿਰ ਕਰੀਬ 3:30 ਵਜੇ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਟੋਲ ਪਲਾਜਾ ਦੇ ਮੈਨੇਜਰ ਯਾਦਵਿੰਦਰ ਸਿੰਘ (ਉਮਰ 45 ਸਾਲ) ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਦਿਨ ਦਿਹਾੜੇ ਵਾਪਰੀ ਇਸ ਵਾਰਦਾਤ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਮੁਤਾਬਕ, ਮੈਨੇਜਰ ਯਾਦਵਿੰਦਰ ਸਿੰਘ ਆਪਣੇ ਡਿਊਟੀ ਪੁਆਇੰਟ ‘ਤੇ ਮੌਜੂਦ ਸਨ, ਜਦੋਂ ਇੱਕ ਸਫੈਦ ਡਿਜ਼ਾਇਰ ਕਾਰ ‘ਚ ਸਵਾਰ ਚਾਰ ਵਿਅਕਤੀ ਆਏ ਅਤੇ ਬਿਨਾ ਕਿਸੇ ਚਰਚਾ ਦੇ ਸਿੱਧੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਉਨ੍ਹਾਂ ਦੀ ਸੱਜੀ ਲੱਤ ‘ਚ ਲੱਗੀ ਤੇ ਦੂਜੀ ਉਨ੍ਹਾਂ ਨੂੰ ਛੂਹ ਕੇ ਨਿਕਲ ਗਈ।
ਜ਼ਖਮੀ ਹਾਲਤ ਵਿੱਚ ਮੈਨੇਜਰ ਨੂੰ ਹਾਈਵੇ ਐਮਰਜੈਂਸੀ ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ ਗਿਆ, ਜਿੱਥੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ (ਸੈਕਟਰ-32) ਰੈਫਰ ਕਰ ਦਿੱਤਾ ਗਿਆ।
ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਪ੍ਰਾਥਮਿਕ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਹਮਲਾ ਪੁਰਾਣੀ ਨਿੱਜੀ ਰੰਜਿਸ਼ ਦੇ ਚਲਦੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਯਾਦਵਿੰਦਰ ਸਿੰਘ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਢਿੱਲਵਾ ਟੋਲ ਪਲਾਜਾ ‘ਤੇ ਵੀ ਕੰਮ ਕਰ ਚੁੱਕੇ ਹਨ, ਜਿੱਥੇ ਕਿਸੇ ਵਿਵਾਦ ਤੋਂ ਬਾਅਦ ਉਨ੍ਹਾਂ ਦੀ ਕੁਝ ਲੋਕਾਂ ਨਾਲ ਰੰਜਿਸ਼ ਬਣੀ ਸੀ।
ਡੀਐਸਪੀ ਦੇ ਅਨੁਸਾਰ, ਕਪੂਰਥਲਾ ਸਾਈਡ ਦੇ ਨਿਵਾਸੀ ਨਛੱਤਰ ਸਿੰਘ ਅਤੇ ਉਸਦੇ ਤਿੰਨ ਸਾਥੀ ਇਸ ਹਮਲੇ ਦੇ ਪਿੱਛੇ ਹੋ ਸਕਦੇ ਹਨ। ਪੁਲਿਸ ਨੇ ਘਟਨਾ ਵਾਲੀ ਡਿਜ਼ਾਇਰ ਕਾਰ ਦੀ ਪਛਾਣ ਕਰ ਲਈ ਹੈ ਅਤੇ ਉਸਦੀ ਤਲਾਸ਼ ਜਾਰੀ ਹੈ।
