ਫੜੇ ਗਏ ਲੂਥਰਾ ਬ੍ਰਦਰਜ਼ ! ਨਾਈਟ ਕਲੱਬ ‘ਚ ਲੱਗੀ ਅੱਗ ‘ਚ 25 ਮੌਤਾਂ ਮਗਰੋਂ ਦੇਸ਼ ਛੱਡ ਹੋ ਗਏ ਸੀ ਫਰਾਰ

 ਪਿਛਲੇ ਹਫ਼ਤੇ ਗੋਆ ਦੇ ਇਕ ਨਾਈਟ ਕਲੱਬ ‘ਬਿਰਚ ਬਾਏ ਰੋਮੀਓ ਲੇਨ’ ‘ਚ ਲੱਗੀ ਭਿਆਨਕ ਅੱਗ, ਜਿਸ ‘ਚ 25 ਲੋਕ ਮਾਰੇ ਗਏ ਸਨ, ਦੇ ਮਾਲਕ ਗੌਰਵ ਲੂਥਰਾ ਤੇ ਸੌਰਭ ਲੂਥਰਾ ਕਾਰਵਾਈ ਦੇ ਡਰੋਂ ਭਾਰਤ ਛੱਡ ਕੇ ਫਰਾਰ ਹੋ ਗਏ ਸਨ। ਉਹ ਹਾਦਸੇ ਦੇ ਕੁਝ ਘੰਟੇ ਬਾਅਦ ਹੀ ਥਾਈਲੈਂਡ ਦੇ ਫੁਕੇਟ ਪਹੁੰਚ ਗਏ ਸਨ, ਜਿਸ ਤੋਂ ਬਾਅਦ ਭਾਰਤੀ ਜਾਂਚ ਏਜੰਸੀਆਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਤੋਂ ਬਲੂ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। 

ਇਸ ਤੋਂ ਬਾਅਦ ਹੁਣ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਥਾਈਲੈਂਡ ਪੁਲਸ ਵੱਲੋਂ ਉਨ੍ਹਾਂ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਭਾਰਤ ਲਿਆਂਦਾ ਜਾਵੇਗਾ। ਇਹ ਕਾਰਵਾਈ ਉਨ੍ਹਾਂ ਦੋਵਾਂ ਦੇ ਪਾਸਪੋਰਟ ਰੱਦ ਹੋਣ ਤੋਂ ਕੁਝ ਦੇਰ ਬਾਅਦ ਹੀ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਨਾਈਟ ਕਲੱਬ ‘ਚ ਲੱਗੀ ਅੱਗ ਕਾਰਨ 25 ਲੋਕ ਮਾਰੇ ਗਏ ਸਨ, ਜਦਕਿ ਕਈ ਹੋਰ ਜ਼ਖ਼ਮੀ ਹੋਏ ਸਨ। ਇਸ ਹਾਦਸੇ ਦੇ ਕੁਝ ਘੰਟੇ ਬਾਅਦ ਹੀ ਕਲੱਬ ਦੇ ਦੋਵੇਂ ਮਾਲਕ ਫਰਾਰ ਹੋ ਗਏ ਸਨ ਤੇ ਇੰਡੀਗੋ ਦੀ ਫਲਾਈਟ ਰਾਹੀਂ ਫੁਕੇਟ ਪਹੁੰਚ ਗਏ ਸਨ। ਉਦੋਂ ਤੋਂ ਹੀ ਭਾਰਤੀ ਜਾਂਚ ਏਜੰਸੀਆਂ ਉਨ੍ਹਾਂ ਦੀ ਭਾਲ ਕਰ ਰਹੀਆਂ ਸਨ। ਹੁਣ ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਗੋਆ ਪੁਲਸ ਦੀ ਇਕ ਟੀਮ ਨੂੰ ਥਾਈਲੈਂਡ ਭੇਜਿਆ ਜਾਵੇਗਾ, ਜਿੱਥੋਂ ਉਹ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਭਾਰਤ ਵਾਪਸ ਲਿਆਵੇਗੀ।

By Rajeev Sharma

Leave a Reply

Your email address will not be published. Required fields are marked *