ਚੰਡੀਗੜ੍ਹ ਪਹਿਲੇ ਪੜਾਅ ‘ਚ 66,000 ਨਾਮ ਵੋਟਰ ਲਿਸਟ ‘ਚੋਂ ਕੱਟੇ, 21 ਜੁਲਾਈ ਨੂੰ ਡ੍ਰਾਫਟ ਸੂਚੀ ਹੋਵੇਗੀ ਜਾਰੀ

ਗੁਰਪ੍ਰੀਤ ਸਿੰਘ :- ਚੰਡੀਗੜ੍ਹ ‘ਚ ਐਸਆਈਆਰ (ਸਪੈਸ਼ਲ ਇੰਟੈਂਸਿਵ ਰਿਵਿਜ਼ਨ) ਦਾ ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਵੋਟਰ ਸੂਚੀ ‘ਚ ਵੱਡੀ ਤਬਦੀਲੀ ਹੋਣ ਵਾਲੀ ਹੈ। ਚੋਣ ਅਧਿਕਾਰੀ ਦੇ ਅਨੁਸਾਰ ਮਤਦਾਤਾ ਤਸਦੀਕ ਪ੍ਰਕਿਰਿਆ ਦੌਰਾਨ 66,146 ਵੋਟਰਾਂ ਦੇ ਨਾਮ ਸੂਚੀ ‘ਚੋਂ ਹਟਾ ਦਿੱਤੇ ਗਏ ਹਨ। ਚੋਣ ਕਮਿਸ਼ਨ 21 ਜੁਲਾਈ ਨੂੰ ਵੋਟਰ ਸੂਚੀ ਦਾ ਪਹਿਲਾ ਡ੍ਰਾਫਟ ਜਾਰੀ ਕਰੇਗਾ, ਜਿਸ ‘ਚ ਲਗਭਗ 4,50,324 ਵੋਟਰਾਂ ਦੇ ਨਾਮ ਸ਼ਾਮਲ ਹੋਣਗੇ, ਜਦੋਂ ਕਿ ਇਸ ਸਮੇਂ ਚੰਡੀਗੜ੍ਹ ‘ਚ 5,16,470 ਰਜਿਸਟਰਡ ਵੋਟਰ ਹਨ।

66,000 ਤੋਂ ਵੱਧ ਨਾਮ ਕਿਉਂ ਹਟਾਏ ਗਏ?
ਚੋਣ ਅਧਿਕਾਰੀ ਦੇ ਅਨੁਸਾਰ ਐਸਆਈਆਰ ਮੁਹਿੰਮ ਨੇ ਕਈ ਮਾਮਲਿਆਂ ਦਾ ਖੁਲਾਸਾ ਕੀਤਾ, ਜਿੱਥੇ ਕਈ ਵੋਟਰ ਹੁਣ ਚੰਡੀਗੜ੍ਹ ‘ਚ ਨਹੀਂ ਰਹਿ ਰਹੇ ਸਨ ਜਾਂ ਉਨ੍ਹਾਂ ਦੀ ਤਸਦੀਕ ਨਹੀਂ ਕੀਤੀ ਜਾ ਸਕੀ। 43,724 ਵੋਟਰ ਪੱਕੇ ਤੌਰ ‘ਤੇ ਚੰਡੀਗੜ੍ਹ ਛੱਡ ਕੇ ਚਲੇ ਗਏ। ਲਗਭਗ 12,500 ਵੋਟਰ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਘਰ ਨਹੀਂ ਮਿਲ ਸਕੇ। ਲਗਭਗ 3,500 ਵੋਟਰ ਦੀ ਮੌਤ ਹੋ ਗਈ ਹੇ ਤੇ 2,590 ਵੋਟਰ ਡੁਪਲੀਕੇਟ ਪਾਏ ਗਏ, ਜਦਕਿ ਲਗਭਗ 700 ਨਾਮ ਹੋਰ ਸ਼੍ਰੇਣੀਆਂ ‘ਚ ਸ਼ਾਮਲ ਹਨ।

ਐਸਆਈਆਰ ਪ੍ਰਕਿਰਿਆ ਦੌਰਾਨ, 69,451 ਵੋਟਰਾਂ ਨੇ ਆਪਣੇ ਫਾਰਮ ਜਮ੍ਹਾਂ ਕਰਵਾਏ, ਪਰ ਉਨ੍ਹਾਂ ਦੇ ਵੇਰਵਿਆਂ ਦੀ ਪੁਰਾਣੇ ਰਿਕਾਰਡਾਂ ਨਾਲ ਮੈਪਿੰਗ ਨਹੀਂ ਕੀਤੀ ਜਾ ਸਕੀ। ਹੁਣ ਇਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਨ੍ਹਾਂ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ਅੰਤਿਮ ਵੋਟਰ ਸੂਚੀ ‘ਚ ਸ਼ਾਮਲ ਕੀਤੇ ਜਾਣਗੇ।

ਯੋਗ ਵੋਟਰਾਂ ਨੂੰ ਰਜਿਸਟ੍ਰੇਸ਼ਨ ਕਰਨ ਦਾ ਮੌਕਾ
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਤੇ ਸੁਣਵਾਈ ਦਾ ਮੌਕਾ ਪ੍ਰਦਾਨ ਕੀਤੇ ਬਿਨਾਂ ਨਹੀਂ ਹਟਾਇਆ ਜਾਵੇਗਾ। ਜਿਨ੍ਹਾਂ ਵੋਟਰਾਂ ਦੇ ਨਾਮ ਡ੍ਰਾਫਟ ਸੂਚੀ ‘ਚ ਸ਼ਾਮਲ ਨਹੀਂ ਹਨ, ਉਹ 20 ਅਗਸਤ ਤੱਕ ਦਾਅਵੇ ਤੇ ਇਤਰਾਜ਼ ਦਾਇਰ ਕਰ ਸਕਦੇ ਹਨ। ਅਜਿਹਾ ਕਰਨ ਲਈ, ਵੋਟਰ ਫਾਰਮ-6 ਜਮ੍ਹਾਂ ਕਰਕੇ ਆਪਣੇ ਨਾਮ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ।

ਚੰਡੀਗੜ੍ਹ ਦੀ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੇ ਕਿਹਾ ਕਿ ਐਸਆਈਆਰ ਮੁਹਿੰਮ ਦੇ ਹਿੱਸੇ ਵਜੋਂ ਸਾਰੇ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਗਏ ਸਨ, ਜਿਨ੍ਹਾਂ ‘ਚੋਂ 4,50,324 ਵੋਟਰਾਂ ਨੇ ਫਾਰਮ ਜਮ੍ਹਾਂ ਕਰਵਾਏ।66,146 ਵਿਅਕਤੀਆਂ ਨੇ ਨਿਰਧਾਰਤ ਸਮੇਂ ਦੇ ਅੰਦਰ ਫਾਰਮ ਵਾਪਸ ਨਹੀਂ ਕੀਤੇ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਦੇ ਨਾਮ ਡ੍ਰਾਫਟ ਸੂਚੀ ‘ਚ ਨਹੀਂ ਆਉਂਦੇ, ਉਹ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਆਪਣੇ ਦਾਅਵੇ ਜਮ੍ਹਾਂ ਕਰਵਾ ਸਕਦੇ ਹਨ।

By Gurpreet Singh

Leave a Reply

Your email address will not be published. Required fields are marked *