ਵਿਦੇਸ਼ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦਾ ਬਦਲਿਆ ਰੁਝਾਨ: US ਨੂੰ ਛੱਡ ਇਹ ਦੇਸ਼ ਬਣੇ Favourite

ਉੱਚ ਸਿੱਖਿਆ ਲਈ ਵਿਦੇਸ਼ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੇ ਰੁਝਾਨ ਵਿੱਚ ਸਾਲ 2025 ਦੌਰਾਨ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ਵਿੱਚ ਕੀਤੀ ਗਈ ਸਖ਼ਤੀ ਕਾਰਨ ਭਾਰਤੀ ਵਿਦਿਆਰਥੀਆਂ ਦਾ ਮੋਹ ਹੁਣ ‘ਅਮਰੀਕੀ ਸੁਪਨੇ’ ਤੋਂ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਸਾਲ 2025 ਵਿੱਚ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 30 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਇਸ ਦੇ ਉਲਟ ਯੂਰਪੀ ਦੇਸ਼ਾਂ ਵੱਲ ਖਿੱਚ ਤੇਜ਼ੀ ਨਾਲ ਵਧੀ ਹੈ।

ਅਮਰੀਕਾ ‘ਚ ਵੀਜ਼ਾ ਸਖ਼ਤੀ ਪਈ ਭਾਰੀ

ਮਾਹਿਰਾਂ ਅਨੁਸਾਰ, ਅਮਰੀਕਾ ਵਿੱਚ ਵੀਜ਼ਾ ਇੰਟਰਵਿਊ ਲਈ ਸਲਾਟਾਂ ਦੀ ਘਾਟ, ਸਖ਼ਤ ਜਾਂਚ ਅਤੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਵੀਜ਼ਾ ਨੂੰ ਲੈ ਕੇ ਵਧੀ ਅਨਿਸ਼ਚਿਤਤਾ ਨੇ ਵਿਦਿਆਰਥੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕੀ ਯੂਨੀਵਰਸਿਟੀਆਂ ਦੀਆਂ ਵਧਦੀਆਂ ਫੀਸਾਂ ਅਤੇ ਰਹਿਣ-ਸਹਿਣ ਦਾ ਖਰਚਾ ਵੀ ਵਿਦਿਆਰਥੀਆਂ ਨੂੰ ਦੂਜੇ ਵਿਕਲਪ ਲੱਭਣ ਲਈ ਮਜਬੂਰ ਕਰ ਰਿਹਾ ਹੈ।

ਯੂਰਪੀ ਦੇਸ਼ਾਂ ਨੇ ਖੋਲ੍ਹੇ ਦਰਵਾਜ਼ੇ

ਦੂਜੇ ਪਾਸੇ, ਜਰਮਨੀ, ਇਟਲੀ, ਫਰਾਂਸ ਅਤੇ ਆਇਰਲੈਂਡ ਵਰਗੇ ਦੇਸ਼ ਭਾਰਤੀਆਂ ਲਈ ਨਵੇਂ ਗੜ੍ਹ ਬਣ ਕੇ ਉਭਰੇ ਹਨ। ਰਿਪੋਰਟ ਮੁਤਾਬਕ:

ਜਰਮਨੀ: ਇੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਮੁਫ਼ਤ ਸਿੱਖਿਆ ਅਤੇ ਪੜ੍ਹਾਈ ਤੋਂ ਬਾਅਦ 18 ਮਹੀਨੇ ਦੇ ‘ਸਟੇਅ-ਬੈਕ’ ਵੀਜ਼ਾ ਕਾਰਨ ਇਹ ਸਭ ਤੋਂ ਪਸੰਦੀਦਾ ਦੇਸ਼ ਬਣਿਆ ਹੋਇਆ ਹੈ।

ਇਟਲੀ ਤੇ ਫਰਾਂਸ: ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 5 ਤੋਂ 7 ਗੁਣਾ ਤੱਕ ਦਾ ਵਾਧਾ ਦੇਖਿਆ ਗਿਆ ਹੈ।

ਭਾਰਤ-ਈਯੂ ਸਮਝੌਤਾ: ਭਾਰਤ ਅਤੇ ਯੂਰਪੀ ਸੰਘ (EU) ਵਿਚਾਲੇ ਹੋਏ ਤਾਜ਼ਾ ਵਪਾਰਕ ਅਤੇ ਗਤੀਸ਼ੀਲਤਾ ਸਮਝੌਤੇ ਨੇ ਵੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਰਾਹ ਸੁਖਾਲੇ ਕਰ ਦਿੱਤੇ ਹਨ।

ਕੈਨੇਡਾ ਤੋਂ ਵੀ ਹੋ ਰਿਹਾ ਮੋਹ ਭੰਗ

ਸਿਰਫ਼ ਅਮਰੀਕਾ ਹੀ ਨਹੀਂ, ਸਗੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਲੋਨ ਦੀ ਮੰਗ ਵਿੱਚ ਵੀ 34 ਫੀਸਦੀ ਦੀ ਕਮੀ ਆਈ ਹੈ। ਵੀਜ਼ਾ ਕੈਪਿੰਗ ਅਤੇ ਰਿਹਾਇਸ਼ੀ ਸੰਕਟ ਕਾਰਨ ਪੰਜਾਬੀ ਵਿਦਿਆਰਥੀ ਹੁਣ ਕੈਨੇਡਾ ਦੀ ਬਜਾਏ ਯੂਰਪ ਦੇ ਸਸਤੇ ਅਤੇ ਸਥਿਰ ਵਿਦਿਅਕ ਢਾਂਚੇ ਨੂੰ ਤਰਜੀਹ ਦੇ ਰਹੇ ਹਨ।

ਘੱਟ ਖਰਚਾ ਤੇ ਵਧੀਆ ਭਵਿੱਖ

ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ਵਿੱਚ ਜਨਤਕ ਯੂਨੀਵਰਸਿਟੀਆਂ ਦੀਆਂ ਫੀਸਾਂ ਬਹੁਤ ਘੱਟ ਹਨ ਅਤੇ ਉੱਥੇ ਪੜ੍ਹਾਈ ਦਾ ਸਮਾਂ ਵੀ ਅਮਰੀਕਾ ਦੇ ਮੁਕਾਬਲੇ ਛੋਟਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਘੱਟ ਨਿਵੇਸ਼ ਵਿੱਚ ਬਿਹਤਰ ‘ਰਿਟਰਨ ਆਨ ਇਨਵੈਸਟਮੈਂਟ’ ਮਿਲ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਯੂਰਪ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 25 ਤੋਂ 35 ਫੀਸਦੀ ਹੋਰ ਵਾਧਾ ਹੋਣ ਦੀ ਉਮੀਦ ਹੈ।

By Rajeev Sharma

Leave a Reply

Your email address will not be published. Required fields are marked *