ਰਾਹੁਲ ਗਾਂਧੀ ਦੇ ਹੁਕਮਾਂ ਤੋਂ ਵੀ ਦੂਰ ਚੰਨੀ? ਕਾਂਗਰਸ ਅੰਦਰ ਚਰਚਾਵਾਂ ਤੇਜ਼

ਚੰਡੀਗੜ੍ਹ (ਗੁਰਪ੍ਰੀਤ ਸਿੰਘ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਵਿੱਚ ਕੀਤੀਆਂ ਜਾ ਰਹੀਆਂ ਵੱਖਰੀਆਂ ਸਿਆਸੀ ਰੈਲੀਆਂ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਚੰਨੀ ਦੇ ਸਮਰਥਕਾਂ ਵੱਲੋਂ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰਹਾਜ਼ਰੀ ਨੇ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ ਹੈ।

ਚੰਨੀ ਧੜੇ ਵੱਲੋਂ ਸਭ ਤੋਂ ਪਹਿਲਾਂ ਲੁਧਿਆਣਾ ਦੇ ਇਤਿਹਾਸਕ ਪਿੰਡ ਇਸੜੂ ਵਿੱਚ ਇੱਕ ਵੱਖਰੀ ਕਾਂਗਰਸੀ ਰੈਲੀ ਕਰਵਾਈ ਗਈ ਸੀ, ਜਿਸ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਚਿਹਰੇ ਵਜੋਂ ਪੇਸ਼ ਕੀਤਾ ਗਿਆ। ਇਸ ਰੈਲੀ ਤੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦੂਰੀ ਬਣਾਈ ਰੱਖੀ ਸੀ। ਹੁਣ ਇਸੇ ਕੜੀ ਤਹਿਤ ਬਾਬਾ ਬਕਾਲਾ ਸਾਹਿਬ ਵਿੱਚ ਵੀ ਇੱਕ ਰੈਲੀ ਕਰਵਾਈ ਗਈ, ਜਿੱਥੇ ਚੰਨੀ ਨੂੰ ਪ੍ਰਮੁੱਖ ਆਗੂ ਵਜੋਂ ਸੱਦਾ ਦਿੱਤਾ ਗਿਆ।

ਬਾਬਾ ਬਕਾਲਾ ਸਾਹਿਬ ਦੀ ਰੈਲੀ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂਆਂ ਨੂੰ ਸੱਦੇ ਭੇਜੇ ਗਏ ਸਨ, ਪਰ ਕੋਈ ਵੀ ਵੱਡਾ ਆਗੂ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ।

ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਰਹੀ ਕਿ ਰੈਲੀ ਦੇ ਮੰਚ ਪਿੱਛੇ ਲਗਾਏ ਗਏ ਫਲੈਕਸ ਬੋਰਡ ਉੱਤੇ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਨੂੰ ਖਾਸ ਤੌਰ ’ਤੇ ਉਭਾਰਿਆ ਗਿਆ ਸੀ। ਬੋਰਡ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀਆਂ ਤਸਵੀਰਾਂ ਦੇ ਨਾਲ ਚੰਨੀ ਦੀ ਵੱਡੀ ਤਸਵੀਰ ਲਗਾਈ ਗਈ ਸੀ, ਜਦਕਿ ਰਾਜਾ ਵੜਿੰਗ ਦੀ ਤਸਵੀਰ ਹੋਰ ਆਗੂਆਂ ਨਾਲ ਇੱਕ ਕੋਨੇ ਵਿੱਚ ਛੋਟੇ ਆਕਾਰ ਵਿੱਚ ਦਰਸਾਈ ਗਈ ਸੀ।

ਚੰਨੀ ਸਮਰਥਕਾਂ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਵੱਖਰੀਆਂ ਰੈਲੀਆਂ ਨੂੰ ਕਈ ਲੋਕ ਕਾਂਗਰਸ ਅੰਦਰ ਇੱਕ ਵੱਖਰੀ ਸਿਆਸੀ ਲਾਈਨ ਵਜੋਂ ਦੇਖ ਰਹੇ ਹਨ। ਬਾਬਾ ਬਕਾਲਾ ਰੈਲੀ ਦੌਰਾਨ ਕੁਝ ਸਮਰਥਕਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਣਾ ਚਾਹੁੰਦੇ ਹਨ।

ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਤੋਂ ਬਾਅਦ ਵੀ ਨਵੀਆਂ ਸਿਆਸੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਵੀਡੀਓ ਵਿੱਚ ਤਰਸੇਮ ਸਿੰਘ ਚੰਨੀ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ।

ਹਾਲਾਂਕਿ ਕਾਂਗਰਸ ਹਾਈਕਮਾਂਡ ਵੱਲੋਂ ਇਸ ਮਾਮਲੇ ’ਤੇ ਅਧਿਕਾਰਕ ਤੌਰ ’ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਪਾਰਟੀ ਅੰਦਰ ਚੰਨੀ ਦੀ ਵੱਖਰੀ ਰਣਨੀਤੀ ਨੂੰ ਲੈ ਕੇ ਕਿਆਸ ਅਰਾਈਆਂ ਜਾਰੀ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਵਿੱਚ ਆਉਣ ਵਾਲੇ ਸਮੇਂ ਦੌਰਾਨ ਅੰਦਰੂਨੀ ਸਮੀਕਰਨ ਹੋਰ ਦਿਲਚਸਪ ਹੋ ਸਕਦੇ ਹਨ।

By Gurpreet Singh

Leave a Reply

Your email address will not be published. Required fields are marked *