ਐਸਵਾਈਐਲ ‘ਤੇ ਮੁੱਖ ਮੰਤਰੀਆਂ ਦੀ ਬੈਠਕ ਖ਼ਤਮ, ਮੀਟਿੰਗ ਤੋਂ ਮੁੱਖ ਮੰਤਰੀ ਮਾਨ ਬੋਲੇ…

ਨੈਸ਼ਨਲ ਟਾਈਮਜ਼ ਬਿਊਰੋ :- ਐਸਵਾਈਐਲ (ਸਤਲੁਜ–ਯਮੁਨਾ ਲਿੰਕ) ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਅੱਜ ਹੋਈ ਅਹਿਮ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਹਰਿਆਣਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਦੋਵੇਂ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

ਸੂਤਰਾਂ ਮੁਤਾਬਕ ਮੀਟਿੰਗ ਵਿੱਚ ਐਸਵਾਈਐਲ ਨਹਿਰ ਨਾਲ ਜੁੜੇ ਕਾਨੂੰਨੀ, ਤਕਨੀਕੀ ਅਤੇ ਅੰਤਰਰਾਜੀ ਪਾਣੀ ਵੰਡ ਦੇ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਦੋਵੇਂ ਪੱਖਾਂ ਵੱਲੋਂ ਆਪਣੇ-ਆਪਣੇ ਰਾਜਾਂ ਦੀ ਸਥਿਤੀ ਅਤੇ ਦਲੀਲਾਂ ਰੱਖੀਆਂ ਗਈਆਂ।

ਸੁਪਰੀਮ ਕੋਰਟ ਦੇ ਹੁਕਮਾਂ ’ਤੇ ਦੋਵਾਂ ਮੁੱਖ ਮੰਤਰੀਆਂ ਵੱਲੋਂ ਸਾਂਝੀ ਮੀਟਿੰਗ ਕਰਨ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਵਿਚ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਮਾਰਗ ਦਰਸ਼ਕ ਹਨ। ਉਹਨਾਂ ਕਿਹਾ ਕਿ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਪਹਿਲਾਂ ਅਧਿਕਾਰੀ ਰੈਗੂਲਰ ਮੀਟਿੰਗਾਂ ਕਰਨਗੇ ਅਤੇ ਫਿਰ ਜੋ ਖਾਕਾ ਉਹ ਤਿਆਰ ਕਰਨਗੇ, ਉਸ ’ਤੇ ਅਗਲੀ ਕਾਰਵਾਈ ਦਾ ਫੈਸਲਾ ਮੁੱਖ ਮੰਤਰੀ ਆਪਸ ਵਿਚ ਗੱਲਬਾਤ ਕਰ ਕੇ ਲੈਣਗੇ। 

ਭਗਵੰਤ ਮਾਨ ਨੇ ਇਸ ਮੌਕੇ ਭਾਈ ਘਨੱਈਆ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ ਹੈ ਬਲਕਿ ਛੋਟਾ ਭਰਾ ਹੈ। ਉਹਨਾਂ ਕਿਹਾ ਕਿ ਦੋਵਾਂ ਰਾਜਾਂ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ ਤੇ ਇਸੇ ਦਿਸ਼ਾ ਵਿਚ ਫੈਸਲੇ ਲਏ ਜਾਣਗੇ।
ਮੀਟਿੰਗ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਹਰਿਆਣਾ ਦੇ ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਤੇ ਦੋਵਾਂ ਰਾਜਾਂ ਦੇ ਅਧਿਕਾਰੀ ਵੀ ਸ਼ਾਮਲ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਮੁੱਦਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਇਸ ਲਈ ਅੱਜ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ, ਜਲ ਮੰਤਰੀ ਅਤੇ ਅਧਿਕਾਰੀ ਇਸ ਮਸਲੇ ਉੱਤੇ ਮਿਲਕੇ ਬੈਠੇ ਹਨ। 

By Gurpreet Singh

Leave a Reply

Your email address will not be published. Required fields are marked *