ਨੈਸ਼ਨਲ ਟਾਈਮਜ਼ ਬਿਊਰੋ :- ਮੋਗਾ ਵਿੱਚ ਜਬਰ ਜਨਾਹ ਮਾਮਲੇ ਵਿੱਚ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ 10 ਸਾਲ ਦੀ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਐਡੀਸ਼ਨਲ ਸੈਸ਼ਨ ਜਜ ਦੀ ਅਦਾਲਤ ਵੱਲੋਂ ਸੁਣਾਇਆ ਗਿਆ।
ਥਾਣਾ ਮਹਿਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, 18 ਸਤੰਬਰ 2024 ਨੂੰ 25 ਸਾਲਾ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਬਲਜਿੰਦਰ ਸਿੰਘ ਖ਼ਿਲਾਫ਼ ਜਬਰ ਜਨਾਹ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਉਹ ਆਪਣੇ ਭਰਾ ਦੀ ਨਸ਼ੇ ਦੀ ਆਦਤ ਕਾਰਨ ਧਾਰਮਿਕ ਡੇਰੇ ਵਿੱਚ ਗਈ, ਜਿੱਥੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੇ ਅਰਦਾਸ ਦੀ ਗੱਲ ਕਹਿ ਕੇ ਉਸ ਨੂੰ ਨਾਲ ਲਿਜਾਣ ਦਾ ਬਹਾਨਾ ਬਣਾਇਆ।
ਦੱਸਿਆ ਗਿਆ ਕਿ 6 ਮਈ 2024 ਨੂੰ ਦੋਸ਼ੀ ਉਸ ਨੂੰ ਆਪਣੇ ਸਾਥੀ ਸਮੇਤ ਗੱਡੀ ਵਿੱਚ ਬਿਠਾ ਕੇ ਮੋਗਾ ਲੈ ਆਇਆ ਅਤੇ ਰਸਤੇ ਵਿੱਚ ਇੱਕ ਹੋਟਲ ਵਿੱਚ ਪਹਿਲਾਂ ਤੋਂ ਬੁੱਕ ਕਮਰੇ ਵਿੱਚ ਉਸ ਨਾਲ ਜਬਰ ਜਨਾਹ ਕੀਤਾ। ਵਿਰੋਧ ਕਰਨ ’ਤੇ ਉਸ ਨਾਲ ਮਾਰਪੀਟ ਕਰਕੇ ਕੱਪੜੇ ਉਤਾਰ ਕੇ ਵੀਡੀਓ ਬਣਾਈ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸ਼ੋਸ਼ਣ ਕਰਦਾ ਰਿਹਾ। ਮਹਿਲਾ ਨੇ ਦੱਸਿਆ ਕਿ ਉਹ ਉਸ ਨੂੰ ਹਫ਼ਤੇ ਵਿੱਚ ਦੋ ਵਾਰ ਡੇਰੇ ਵਿੱਚ ਬੁਲਾ ਕੇ ਗਲਤ ਕੰਮ ਕਰਨ ਲਈ ਮਜਬੂਰ ਕਰਦਾ ਸੀ।
ਇਸ ਤੋਂ ਪਹਿਲਾਂ 2 ਸਤੰਬਰ 2024 ਨੂੰ ਵੀ ਉਸ ਦੇ ਖ਼ਿਲਾਫ਼ ਇੱਕ ਹੋਰ ਮਹਿਲਾ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੇਸ਼ ਕੀਤੇ ਸਬੂਤਾਂ ਦੇ ਆਧਾਰ ’ਤੇ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ।
