ਚੰਡੀਗੜ੍ਹ : ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਹੋਏ ਦਿਲਚਸਪ ਮੈਚ ਤੋਂ ਬਾਅਦ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਲਖਨਊ ਦੇ ਸਪਿਨਰ ਦਿਗਵੇਸ਼ ਰਾਠੀ ‘ਤੇ ਮੈਦਾਨ ‘ਤੇ ਹੋਈ ਤਿੱਖੀ ਬਹਿਸ ਅਤੇ ਟਕਰਾਅ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਕ ਮੈਚ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਸਦੀ ਮੈਚ ਫੀਸ ਦਾ 50 ਪ੍ਰਤੀਸ਼ਤ ਵੀ ਕੱਟ ਲਿਆ ਗਿਆ ਹੈ। ਉਹ ਹੁਣ ਗੁਜਰਾਤ ਟਾਈਟਨਜ਼ ਖਿਲਾਫ ਅਗਲੇ ਮੈਚ ਵਿੱਚ ਲਖਨਊ ਲਈ ਨਹੀਂ ਖੇਡ ਸਕੇਗਾ।
ਇਸ ਵਿਵਾਦ ਵਿੱਚ ਸਨਰਾਈਜ਼ਰਜ਼ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਅਭਿਸ਼ੇਕ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਕੱਟ ਲਿਆ ਗਿਆ ਹੈ। ਮੈਦਾਨ ‘ਤੇ ਦੋਵਾਂ ਖਿਡਾਰੀਆਂ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ, ਜਿਸ ਨੂੰ ਬਾਅਦ ਵਿੱਚ ਅੰਪਾਇਰਾਂ ਅਤੇ ਹੋਰ ਖਿਡਾਰੀਆਂ ਨੂੰ ਸ਼ਾਂਤ ਕਰਨਾ ਪਿਆ।
ਦਰਅਸਲ, ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਗਵੇਸ਼ ਰਾਠੀ ਨੇ ਅਭਿਸ਼ੇਕ ਸ਼ਰਮਾ ਦੀ ਵਿਕਟ ਲੈਣ ਤੋਂ ਬਾਅਦ ‘ਨੋਟਬੁੱਕ ਸੈਲੀਬ੍ਰੇਸ਼ਨ’ ਕੀਤਾ। ਅਭਿਸ਼ੇਕ ਨੂੰ ਇਹ ਜਸ਼ਨ ਪਸੰਦ ਨਹੀਂ ਆਇਆ ਅਤੇ ਉਸਨੇ ਮੈਦਾਨ ‘ਤੇ ਹੀ ਵਿਰੋਧ ਕੀਤਾ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਖਿਡਾਰੀਆਂ ਵਿਚਕਾਰ ਹੱਥੋਪਾਈ ਹੋ ਗਈ। ਮੈਦਾਨ ‘ਤੇ ਮੌਜੂਦ ਅੰਪਾਇਰਾਂ ਨੂੰ ਦਖਲ ਦੇਣਾ ਪਿਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਗਵੇਸ਼ ਰਾਠੀ ਨੂੰ ਹਮਲਾਵਰ ਵਿਵਹਾਰ ਲਈ ਸਜ਼ਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਸਨੂੰ ਅਨੁਸ਼ਾਸਨਹੀਣਤਾ ਕਾਰਨ ਆਪਣੀ ਮੈਚ ਫੀਸ ਗੁਆਉਣੀ ਪਈ ਸੀ। ਹੁਣ ਉਸਦੇ ਨਾਮ ਦੇ ਖਿਲਾਫ ਕੁੱਲ ਪੰਜ ਡੀਮੈਰਿਟ ਅੰਕ ਹਨ, ਜਿਸ ਕਾਰਨ ਬੀਸੀਸੀਆਈ ਨੇ ਉਸ ‘ਤੇ ਇੱਕ ਮੈਚ ਦੀ ਪਾਬੰਦੀ ਲਗਾਈ ਹੈ।