ਨੈਸ਼ਨਲ ਟਾਈਮਜ਼ ਬਿਊਰੋ :- ਭਦੌੜ ਵਿੱਚ ਪੰਜਾਬ ਵੇਅਰ ਹਾਊਸ ਦੇ ਗੁਦਾਮਾਂ ਦੇ ਬਾਹਰ ਢੋਆ ਢੁਆਈ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਦੌਰਾਨ ਗੱਡੀਆਂ ਦੇ ਡਰਾਈਵਰਾਂ ਉੱਤੇ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ। ਇਸ ਝੜਪ ਵਿੱਚ ਦੋਹਾਂ ਧਿਰਾਂ ਦੇ ਚਾਰ ਵਿਅਕਤੀ ਜਖ਼ਮੀ ਹੋ ਗਏ।ਠੇਕੇਦਾਰ ਮਨਿੰਦਰ ਸਿੰਘ ਨੇ ਥਾਣਾ ਭਦੌੜ ਵਿਖੇ ਦਰਖ਼ਾਸਤ ਦਿੱਤੀ ਹੈ ਕਿ ਉਸ ਕੋਲ ਪੰਜਾਬ ਫੇਅਰ ਹਾਊਸ ਅਤੇ ਐਫ.ਸੀ.ਆਈ. ਦੇ ਢੋਆ ਢੁਆਈ ਦੇ ਠੇਕੇ ਹਨ। ਉਹ ਪਹਿਲਾਂ ਵੀ ਦੋ ਸਪੈਸ਼ਲਾਂ ਲਗਾ ਚੁੱਕਾ ਹੈ। ਇਸ ਵਾਰ ਵੀ ਉਸ ਨੇ ਰਾਤ ਨੂੰ ਗੱਡੀਆਂ ਭੇਜ ਦਿੱਤੀਆਂ ਸਨ। ਸਵੇਰੇ ਲਗਭਗ 6.30 ਵਜੇ ਟਰੱਕ ਯੂਨੀਅਨ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਤੇ ਹੋਰ 30-35 ਅਣਪਛਾਤੇ ਵਿਅਕਤੀ ਗੱਡੀਆਂ ਤੇ ਮੋਟਰਸਾਈਕਲਾਂ ‘ਤੇ ਆਏ। ਇਨ੍ਹਾਂ ਨੇ ਸੁੱਤੇ ਪਏ ਡਰਾਈਵਰਾਂ ਨਜੀਰ ਮੁਹੰਮਦ ਅਤੇ ਰਣਜੀਤ ਸਿੰਘ ਉੱਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਦੋਵੇਂ ਡਰਾਈਵਰ ਗੰਭੀਰ ਤੌਰ ’ਤੇ ਜਖ਼ਮੀ ਹੋ ਗਏ।
ਮਨਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਹ ਹਮਲਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਸ਼ਹਿ ਉੱਤੇ ਕੀਤਾ ਗਿਆ। ਦੂਜੇ ਪਾਸੇ, ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਦੇ ਧੜੇ ਦੇ ਅਪਰੇਟਰਾਂ ਜਸਪ੍ਰੀਤ ਸਿੰਘ ਅਤੇ ਜਸਦੀਪ ਸਿੰਘ ਨੇ ਕਿਹਾ ਕਿ ਉਹ ਠੇਕੇਦਾਰ ਨੂੰ ਕਹਿਣ ਗਏ ਸਨ ਕਿ ਉਨ੍ਹਾਂ ਦੀਆਂ ਗੱਡੀਆਂ ਵੀ ਢੋਆ ਢੁਆਈ ਵਿੱਚ ਸ਼ਾਮਲ ਕੀਤੀਆਂ ਜਾਣ, ਪਰ ਠੇਕੇਦਾਰ ਨੇ ਉਨ੍ਹਾਂ ਉੱਤੇ ਹੀ ਹਮਲਾ ਕਰ ਦਿੱਤਾ।ਜਗਦੀਪ ਸਿੰਘ ਨੇ ਆਪਣੇ ਉੱਤੇ ਲਾਏ ਗਏ ਦੋਸ਼ਾਂ ਨੂੰ ਨਿਰਾਧਾਰ ਦੱਸਿਆ। ਥਾਣਾ ਮੁਖੀ ਗਰਵਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਗੁੰਡਾਗਰਦੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
