ਚੰਡੀਗੜ੍ਹ ਵਿੱਚ ਸਕੂਲ ਦੇ ਬਾਹਰ 11ਵੀਂ ਦੇ ਵਿਦਿਆਰਥੀ ‘ਤੇ ਚਾਕੂ ਨਾਲ ਹਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਦੇ ਸੈਕਟਰ-37 ਸਥਿਤ ਸਰਕਾਰੀ ਸਕੂਲ ਦੇ ਬਾਹਰ ਵੀਰਵਾਰ ਦੁਪਹਿਰ ਛੁੱਟੀ ਦੇ ਸਮੇਂ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਦੋ ਬਾਈਕ ਸਵਾਰ ਨੌਜਵਾਨਾਂ ਨੇ 17 ਸਾਲਾ ਵਿਦਿਆਰਥੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਦਿਆਰਥੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਵਿਦਿਆਰਥੀ ਦੀ ਪਹਿਚਾਣ ਬਲੌਂਗੀ ਵਾਸੀ ਸ਼ੁਲਭ ਵਜੋਂ ਹੋਈ ਹੈ, ਜੋ ਇਸੇ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਜਿਵੇਂ ਹੀ ਵਿਦਿਆਰਥੀ ਸਕੂਲ ਦੇ ਗੇਟ ਤੋਂ ਬਾਹਰ ਨਿਕਲਿਆ, ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ‘ਤੇ ਅਚਾਨਕ ਚਾਕੂ ਨਾਲ ਹਮਲਾ ਕਰ ਦਿੱਤਾ।

ਹਮਲੇ ਤੋਂ ਬਾਅਦ ਵਿਦਿਆਰਥੀ ਮਦਦ ਲਈ ਚੀਖਣ ਲੱਗ ਪਿਆ। ਸ਼ੋਰ ਸੁਣ ਕੇ ਸਕੂਲ ਗੇਟ ਦੇ ਬਾਹਰ ਮੌਜੂਦ ਮਾਪੇ ਤੁਰੰਤ ਉਸ ਨੂੰ ਬਚਾਉਣ ਲਈ ਦੌੜ ਪਏ। ਮਾਪਿਆਂ ਨੂੰ ਆਪਣੀ ਵੱਲ ਆਉਂਦਾ ਦੇਖ ਕੇ ਹਮਲਾਵਰ ਘਬਰਾ ਗਏ ਅਤੇ ਆਪਣੀ ਬਾਈਕ ਮੌਕੇ ‘ਤੇ ਛੱਡ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਫਰਾਰ ਹੋ ਗਏ।

ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੀਸੀਆਰ ਤੋਂ ਪਹਿਲਾਂ ਮੌਕੇ ‘ਤੇ ਪਹੁੰਚੀ ਐਂਬੂਲੈਂਸ ਜ਼ਖ਼ਮੀ ਵਿਦਿਆਰਥੀ ਨੂੰ ਸੈਕਟਰ-38 ਦੀ ਡਿਸਪੈਂਸਰੀ ਲੈ ਗਈ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਜੀਐੱਮਐੱਸਐੱਚ-16 ਰੈਫ਼ਰ ਕਰ ਦਿੱਤਾ। ਇਸ ਸਮੇਂ ਵਿਦਿਆਰਥੀ ਦਾ ਉੱਥੇ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਮਾਪਿਆਂ ਵੱਲੋਂ ਹਮਲਾਵਰਾਂ ਦੀ ਛੱਡੀ ਗਈ ਬਾਈਕ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਕੁਝ ਸਮੇਂ ਬਾਅਦ ਸੈਕਟਰ-37 ਥਾਣੇ ਦੇ ਐੱਸਐੱਚਓ ਇੰਸਪੈਕਟਰ ਰਾਮਦਿਆਲ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਬਾਈਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *