ਜਲਵਾਯੂ ਪਰਿਵਰਤਨ ਤੇ ਮਨੁੱਖੀ ਗਤੀਵਿਧੀਆਂ ਜ਼ਮੀਨ ਖਿਸਕਣ ਦੇ ਜੋਖਮ ਨੂੰ ਵਧਾ ਰਹੀਆਂ : GSI

ਚੰਡੀਗੜ੍ਹ : ਦੇਸ਼ ਭਰ ਵਿੱਚ ਅਕਸਰ ਅਤੇ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਾ ਸਿਰਫ਼ ਕੁਦਰਤੀ ਭੂਗੋਲਿਕ ਸਥਿਤੀਆਂ ਦਾ ਨਤੀਜਾ ਹਨ, ਸਗੋਂ ਬਦਲਦੇ ਮੀਂਹ ਦੇ ਪੈਟਰਨ, ਜਲਵਾਯੂ ਪਰਿਵਰਤਨ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਨਾਜ਼ੁਕ ਖੇਤਰਾਂ ਵਿੱਚ ਬੇਕਾਬੂ ਉਸਾਰੀ ਗਤੀਵਿਧੀਆਂ ਵੀ ਇਸਦੇ ਪਿੱਛੇ ਮੁੱਖ ਕਾਰਨ ਬਣ ਰਹੀਆਂ ਹਨ। ਇਹ ਜਾਣਕਾਰੀ ਐਤਵਾਰ ਨੂੰ ਭਾਰਤੀ ਭੂ-ਵਿਗਿਆਨ ਸਰਵੇਖਣ (GSI) ਦੇ ਇੱਕ ਸੀਨੀਅਰ ਵਿਗਿਆਨੀ ਨੇ ਦਿੱਤੀ।

GSI ਦੇ ਡਾਇਰੈਕਟਰ ਜਨਰਲ ਅਸਿਤ ਸਾਹਾ ਨੇ ਕਿਹਾ ਕਿ ਪ੍ਰਦੂਸ਼ਣ ਸਿੱਧੇ ਤੌਰ ‘ਤੇ ਜ਼ਮੀਨ ਖਿਸਕਣ ਦਾ ਕਾਰਨ ਨਹੀਂ ਬਣਦਾ, ਪਰ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਅਤੇ ਹਵਾ ਪ੍ਰਦੂਸ਼ਣ ਜਲਵਾਯੂ ਪਰਿਵਰਤਨ ਨੂੰ ਤੇਜ਼ ਕਰ ਰਿਹਾ ਹੈ। ਜਲਵਾਯੂ ਪਰਿਵਰਤਨ ਬਾਰਿਸ਼ ਦੇ ਪੈਟਰਨ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਨਾਲ ਜ਼ਮੀਨ ਖਿਸਕਣ ਦਾ ਖ਼ਤਰਾ ਵਧਿਆ ਹੈ, ਖਾਸ ਕਰਕੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਭੂ-ਵਿਗਿਆਨਕ ਤੌਰ ‘ਤੇ ਸੰਵੇਦਨਸ਼ੀਲ ਖੇਤਰਾਂ ਵਿੱਚ।

ਸਾਹਾ ਨੇ ਕਿਹਾ ਕਿ ਭਾਰਤ ਦੇ ਪਹਾੜੀ ਖੇਤਰਾਂ ਦੀ ਭੂਗੋਲਿਕ ਬਣਤਰ, ਬਦਲਦੇ ਮੌਸਮੀ ਹਾਲਾਤ ਅਤੇ ਲਗਾਤਾਰ ਵਧਦਾ ਮਨੁੱਖੀ ਦਖਲ ਇਨ੍ਹਾਂ ਖੇਤਰਾਂ ਨੂੰ ਬਹੁਤ ਜ਼ਿਆਦਾ ਜੋਖਮ ਵਿੱਚ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜ਼ਮੀਨ ਖਿਸਕਣਾ ਕੋਈ ਨਵੀਂ ਸਮੱਸਿਆ ਨਹੀਂ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਇਨ੍ਹਾਂ ਦੀ ਗਿਣਤੀ ਅਤੇ ਤੀਬਰਤਾ ਦੋਵੇਂ ਵਧੀਆਂ ਹਨ। ਹਿਮਾਲੀਅਨ ਖੇਤਰਾਂ ਵਿੱਚ ਨਦੀ ਘਾਟੀਆਂ ਦੇ ਨੇੜੇ ਗਲੇਸ਼ੀਅਰ ਝੀਲਾਂ ਦਾ ਫਟਣਾ ਅਚਾਨਕ ਹੜ੍ਹਾਂ ਦਾ ਕਾਰਨ ਬਣਦਾ ਹੈ ਅਤੇ ਢਲਾਣਾਂ ਦੀ ਸਥਿਰਤਾ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੁਝ ਖੇਤਰ ਟੈਕਟੋਨਿਕ ਤੌਰ ‘ਤੇ ਸਰਗਰਮ ਹਨ, ਜਿਨ੍ਹਾਂ ਦੀਆਂ ਬਣਤਰਾਂ ਕਮਜ਼ੋਰ ਅਤੇ ਖੰਡਿਤ ਹਨ। ਇਨ੍ਹਾਂ ਖੇਤਰਾਂ ਦੀਆਂ ਢਲਾਣਾਂ ਮੀਂਹ ਜਾਂ ਭੂਚਾਲ ਦੌਰਾਨ ਆਸਾਨੀ ਨਾਲ ਟੁੱਟ ਸਕਦੀਆਂ ਹਨ। ਲਗਾਤਾਰ ਮੀਂਹ ਮਿੱਟੀ ਅਤੇ ਚੱਟਾਨਾਂ ਵਿੱਚ ਨਮੀ ਨੂੰ ਵਧਾਉਂਦਾ ਹੈ, ਜੋ ਉਨ੍ਹਾਂ ਦੇ ਬੰਧਨ ਨੂੰ ਕਮਜ਼ੋਰ ਕਰਦਾ ਹੈ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਨੂੰ ਕਈ ਗੁਣਾ ਵਧਾਉਂਦਾ ਹੈ।

ਸਾਹਾ ਦੇ ਅਨੁਸਾਰ, ਜੰਗਲਾਂ ਦੀ ਕਟਾਈ, ਸੜਕ ਨਿਰਮਾਣ ਅਤੇ ਬੁਨਿਆਦੀ ਢਾਂਚੇ ਦਾ ਗੈਰ-ਵਿਗਿਆਨਕ ਵਿਸਥਾਰ ਵੀ ਇਸ ਸੰਕਟ ਨੂੰ ਵਧਾ ਰਹੇ ਹਨ। ਅਸਥਿਰ ਢਲਾਣਾਂ ‘ਤੇ ਇਹ ਨਿਰਮਾਣ ਅਕਸਰ ਕੁਦਰਤੀ ਨਿਕਾਸੀ ਨੂੰ ਰੋਕਦਾ ਹੈ, ਜਿਸ ਨਾਲ ਭੂਮੀ ਹੋਰ ਅਸਥਿਰ ਹੋ ਜਾਂਦੀ ਹੈ।

ਭੂ-ਵਿਗਿਆਨੀਆਂ ਨੇ ਆਪਣੇ ਰਾਸ਼ਟਰੀ ਲੈਂਡਸਲਾਈਡ ਵਲਨੇਰੇਬਿਲਟੀ ਮੈਪਿੰਗ (NLSM) ਪ੍ਰੋਗਰਾਮ ਦੇ ਤਹਿਤ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ ਹੈ ਜੋ ਸਭ ਤੋਂ ਵੱਧ ਜੋਖਮ ਵਿੱਚ ਹਨ। ਇਸ ਵਿੱਚ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਹਿਮਾਲੀਅਨ ਖੇਤਰ ਸ਼ਾਮਲ ਹਨ। ਪ੍ਰਾਇਦੀਪੀ ਭਾਰਤ ਵਿੱਚ, ਕੇਰਲਾ, ਕਰਨਾਟਕ, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਨੀਲਗਿਰੀ ਅਤੇ ਕੋਂਕਣ ਖੇਤਰਾਂ ਨੂੰ ਵੀ ਸਭ ਤੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਗਿਣਿਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *