ਲੁਧਿਆਣਾ ਪਹੁੰਚੇ CM ਭਗਵੰਤ ਮਾਨ ਨੇ ਅਧਿਆਪਕਾਂ ਲਈ ਕੀਤਾ ਅਹਿਮ ਐਲਾਨ

ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਵਿਖੇ ਜਵਾਹਰ ਨਗਰ ਵਿਚ ਪਹੁੰਚੇ। ਇਥੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਵੈਸਟ ਹਲਕੇ ਤੋਂ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿਚ ਰੈਲੀ ਕੀਤੀ ਗਈ, ਉਥੇ ਹੀ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪਰਸੋਂ 900 ਨੌਕਰੀਆਂ ਲਈ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਾਂ। ਅੱਗੇ ਵੀ ਪੰਜਾਬ ਵਿਚ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਮਿਲਣਗੀਆਂ। ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦਾ ਜਵਾਹਰ ਨਗਰ ਮੇਰੀ ਕਰਮ ਭੂਮੀ ਹੈ, ਜਿੱਥੋਂ ਮੈਂ ਬਤੌਰ ਕਲਾਕਾਰ ਕੰਮ ਸ਼ੁਰੂ ਕੀਤਾ ਸੀ। ਇਥੋਂ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਦਿੱਤਾ ਹੈ।

PunjabKesari

ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧੇ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣੇ ਤਿੰਨ ਸਾਲ ਹੋ ਗਏ ਹਨ, ਕੋਈ ਘਪਲਾ, ਕੋਈ ਮਾੜਾ ਕੰਮ ਸਰਕਾਰ ਨੇ ਨਹੀਂ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਵਿਚ ਇਕੋ-ਇਕ ਲੀਡਰ ਹੈ, ਜਿਸ ਨੇ ਵੋਟਾਂ ਦੌਰਾਨ ਆ ਕੇ ਕਹਿ ਦਿੱਤਾ ਸੀ ਕਿ ਜੇਕਰ ਮੇਰੇ ਕੰਮ ਚੰਗੇ ਲੱਗਣ ਤਾਂ ਪੰਜਾਬ ਦੇ ਲੋਕ ਵੋਟਾਂ ਪਾਉਣ, ਨਹੀਂ ਤਾਂ ਨਾ ਪਾਉਣ। ‘ਝਾੜੂ’ ਦਾ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਹੈ, ਜੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਸਾਰੇ ਦੋਸ਼ ਵਿਚੋਂ ਸਫ਼ਾਈ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਘਪਲੇ ਕਰਕੇ ਜਿੱਤਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿਚ 52 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜੋਕਿ ਬਿਨਾਂ ਸਿਫ਼ਾਰਿਸ਼ ਦੇ ਦਿੱਤੀਆਂ ਹਨ। ਜਿਸ ਵਿਚ ਕੋਈ ਅਮੀਰੀ-ਗ਼ੀਰੀਬੀ ਨਹੀਂ ਵੇਖੀ ਗਈ ਹੈ। ਸਾਡੀ ਨੀਅਤ ਬਿਲਕੁਲ ਸਾਫ਼ ਹੈ। ਆਸ਼ੂ ਵਰਗੇ ਭ੍ਰਿਸ਼ਟ ਲੀਡਰਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਪਰ ਅਸੀਂ ਇਨ੍ਹਾਂ ਲੁਟੇਰਿਆਂ ਨੂੰ ਜੇਲ੍ਹ ਭੇਜਿਆ। ਜਿਹੜੇ ਪਹਿਲਾਂ ਹੀ ਜ਼ਮਾਨਤਾਂ ‘ਤੇ ਬਾਹਰ ਹਨ, ਉਨ੍ਹਾਂ ਨੇ ਪੰਜਾਬ ਦਾ ਕੀ ਭਲਾ ਕਰਨਾ।

ਪਿਛਲੀਆਂ ਸਰਕਾਰਾਂ ਨੇ ਟੋਲ ਪਲਾਜ਼ਿਆਂ ਦੀ ਗੈਰ-ਕਨੂੰਨੀ ਤਰੀਕੇ ਨਾਲ ਮਿਆਦ ਵਧਾਈ ਅਤੇ ਲੋਕਾਂ ਨੂੰ ਲੁੱਟਿਆ। ਅਸੀਂ 17 ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਦਾ 62 ਲੱਖ ਰੁਪਏ ਪ੍ਰਤੀ ਦਿਨ ਦਾ ਬਚਾਇਆ। ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਵਿੱਢਣ ਲਈ ਅਸੀਂ ਪਿਛਲੇ 2 ਸਾਲਾਂ ‘ਚ ਰੋਡਮੈਪ ਤਿਆਰ ਕੀਤਾ ਅਤੇ ਨਸ਼ਾ ਤਸਕਰਾਂ ‘ਤੇ ਸਖ਼ਤ ਤੋਂ ਸਖ਼ਤ ਐਕਸ਼ਨ ਸ਼ੁਰੂ ਕੀਤਾ। ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ‘ਚੋਂ ਬਾਹਰ ਕੱਢਾਂਗੇ। 

ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪਰਸੋਂ 900 ਨੌਕਰੀਆਂ ਲਈ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਾਂ। ਅੱਗੇ ਵੀ ਪੰਜਾਬ ਵਿਚ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਮਿਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਵੀ ਸ਼ਬਦੀ ਹਮਲੇ ਕੀਤੇ ਗਏ।  ਉਥੇ ਹੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਬੋਲਦੇ ਹੋਏ ਕਿਹਾ ਕਿ ਜਵਾਹਰ ਕੈਂਪਸ ਦੀਆਂ ਸੜਕਾਂ ਦੀ ਮੁਰੰਮਤ ਹੋ ਰਹੀ ਹੈ, ਇਕ ਵੀ ਸੜਕ ਅਜਿਹੀ ਨਹੀਂ ਹੋਵੇਗੀ, ਜੋ ਖ਼ਰਾਬ ਹੋਵੇ। ਇਸ ਦੇ ਨਾਲ ਹੀ ਪਾਣੀ ਦੀਆਂ ਪਾਈਪ ਲਾਈਨਾਂ ਵੀ ਵਿੱਛ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ਵਿਚ ਲੋਕਾਂ ਨੂੰ ਬਿਨਾਂ ਬਿਜਲੀ ਦੇ ਨਹੀਂ ਰਹਿਣਾ ਪਵੇਗਾ, ਹਰ ਪਾਸੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਸੰਜੀਵ ਅਰੋੜਾ ਨੇ ਕਿਹਾ ਕਿ ਜਵਾਹਰ ਨਗਰ ਵਾਸੀਆਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।  ਲੋਕਾਂ ਨੂੰ ਅਪੀਲ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਪਹਿਲਾਂ ਵੀ ਰੱਜਵਾਂ ਪਿਆਰ ਦੇ ਕੇ ਸੀਟ ਸਾਡੀ ਝੋਲੀ ਪਾਈ ਸੀ। ਇਸ ਵਾਰ ਵੀ ਝਾੜੂ ਦਾ ਬਟਨ ਦੱਬ ਕੇ ਸੰਜੀਵ ਅਰੋੜਾ ਨੂੰ ਜਿਤਾ ਕੇ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕਰ ਦਿਓ।

ਇਥੇ ਇਹ ਵੀ ਦੱਸ ਦੇਈਏ ਕਿ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਗੁਪਤ ਮੀਟਿੰਗਾਂ ਕਰਕੇ ਚੋਣਾਂ ਸਬੰਧੀ ਰਣਨੀਤੀ ਉਲੀਕ ਰਹੇ ਹਨ। ਉੱਥੇ ਹੀ ਅੱਜ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੱਛਮੀ ਹਲਕੇ ਦੀ ਚੋਣ ਸਬੰਧੀ ਗੁਪਤ ਮੀਟਿੰਗ ਕਰਨਗੇ। ਇਸ ਮੀਟਿੰਗ ‘ਚ ਜਿੱਥੇ ਪਾਰਟੀ ਲੀਡਰਾਂ ਵੱਲੋਂ ਫੀਡਬੈਕ ਲਈ ਜਾਵੇਗੀ ਤਾਂ ਉੱਥੇ ਹੀ ਜ਼ਿਮਨੀ ਚੋਣ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਜਾਵੇਗਾ। 

By Gurpreet Singh

Leave a Reply

Your email address will not be published. Required fields are marked *