ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਪੰਜਾਬ-ਹਰਿਆਣਾ ਵਿਚਾਲੇ ਐੱਸ. ਵਾਈ. ਐੱਲ ਦੇ ਮੁੱਦੇ ‘ਤੇ ਨਵੀਂ ਦਿੱਲੀ ਵਿਚ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮੀਟਿੰਗ ਖੁਸ਼ਨੁਮਾ ਮਾਹੌਲ ਵਿਚ ਹੋਈ ਹੈ, ਜਿਸ ਵਿਚ ਕੇਂਦਰੀ ਮੰਤਰੀ ਸੀ. ਆਰ. ਪਾਟਿਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਮੌਜੂਦ ਸਨ। ਉਨ੍ਹਾਂ ਕਿਹਾ ਕਿ 13 ਤਾਰੀਖ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਮਿਲ ਬੈਠ ਕੇ ਇਹ ਮਾਮਲਾ ਸੁਲਝਾਇਆ ਜਾਵੇ। ਅਸੀਂ ਮੀਟਿੰਗਾਂ ਕਰ ਰਹੇ ਹਾਂ। ਕੁਝ ਚੀਜ਼ਾਂ ਪਾਜ਼ੇਟਿਵ ਹੋ ਰਹੀਆਂ ਹਨ, ਉਮੀਦ ਹੈ ਕਿ ਕੁਝ ਅੱਗੇ ਵਧਿਆ ਜਾਵੇਗਾ। ਮਾਨ ਨੇ ਕਿਹਾ ਕਿ ਮਾਮਲਾ ਹੁਣ ਨਾਸੂਰ ਬਣ ਚੁੱਕਾ ਹੈ। ਸਾਨੂੰ ਇਹ ਸਿਆਸੀ ਮੁੱਦਾ ਵਿਰਾਸਤ ਵਿਚ ਮਿਲਿਆ। ਪੰਜਾਬ ਅਤੇ ਹਰਿਆਣਾ ਦੀ ਆਪਸ ਵਿਚ ਕੋਈ ਲੜਾਈ ਨਹੀਂ ਹੈ ਪਰ ਲੀਡਰਾਂ ਨੇ ਇਸ ਨੂੰ ਵੱਡਾ ਮੁੱਦਾ ਬਣਾ ਦਿੱਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਕਾਰਾਤਮਕ ਗੱਲ ਨਿਕਲੀ ਹੈ, ਜਿਸ ਨਾਲ ਅੱਗੇ ਵਧਿਆ ਜਾ ਸਕਦਾ ਹੈ। ਮੈਂ ਪੰਜਾਬ ਦਾ ਪੱਖ ਰੱਖਣ ਵਿਚ ਕਾਮਯਾਬ ਰਿਹਾ ਹਾਂ, ਉਮੀਦ ਹੈ ਕਿ ਕੇਂਦਰ ਇਸ ਨੂੰ ਸਮਝੇਗਾ। ਪੰਜਾਬ ਦੇਸ਼ ਦਾ ਫੂਡ ਹੱਬ, ਪੰਜਾਬ ਵਿਚ ਪਾਣੀ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਝਨਾਬ, ਕਸ਼ਮੀਰ ਨਦੀ, ਉਜ ਇਹ ਪਾਣੀ ਪੰਜਾਬ ਨੂੰ ਆ ਸਕਦਾ ਹੈ ਜਦਕਿ ਰਣਜੀਤ ਸਾਗਤ, ਪੌਂਗ ਡੈਮ, ਸ਼ਾਹਪੁਰ ਕੰਡੀ ਡੈਮ ਦਾ ਪਾਣੀ ਅੱਗੇ ਡਾਇਵਰਟ ਹੋ ਸਕਦਾ ਹੈ, ਜੇ ਸਾਡੇ ਕੋਲ ਪਾਣੀ ਹੋਵੇਗਾ ਤਾਂ ਅਸੀਂ ਅੱਗੇ ਦੇਵਾਂਗੇ। ਜੇ ਸੱਚੀ ਨੀਅਤ ਨਾਲ ਕੇਂਦਰ ਸਾਡੇ ਵੱਲ ਪਾਣੀ ਡਾਇਵਰਟ ਕਰੇ ਤਾਂ ਪੰਜਾਬ ਦਾ ਹਰਿਆਣਾ ਨੂੰ ਵੀ ਪਾਣੀ ਦੇ ਸਕਦਾ ਹੈ। ਇਸ ਨਾਲ ਕਿਸੇ ਨੂੰ ਪਾਣੀ ਦੀ ਘਾਟ ਨਹੀਂ ਰਹੇਗੀ।