ਨੈਸ਼ਨਲ ਟਾਈਮਜ਼ ਬਿਊਰੋ :- ਸੀ. ਐੱਮ. ਭਗਵੰਤ ਮਾਨ ਨੇ ਮੰਤਰੀ ਦੇ ਰੂਪ ’ਚ ਪਾਵਰ ਵਧਾਉਣ ਲਈ ਹਲਕਾ ਵੈਸਟ ਦੇ ਲੋਕਾਂ ਤੋਂ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਸੀ. ਐੱਮ. ਮਾਨ ਤੈਅ ਪ੍ਰੋਗਰਾਮ ਮੁਤਾਬਕ ਲੁਧਿਆਣਾ ਨਹੀਂ ਪੁੱਜ ਸਕੇ ਤਾਂ ਉਨ੍ਹਾਂ ਨੇ ਪੰਜਪੀਰ ਰੋਡ ਅਤੇ ਸਰਗੋਧਾ ਕਾਲੋਨੀ ’ਚ ਰੱਖੀਆਂ ਰੈਲੀਆਂ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਤ ਕੀਤਾ।
ਸੀ. ਐੱਮ. ਮਾਨ ਨੇ ਕਿਹਾ ਕਿ ਹਲਕਾ ਵੈਸਟ ’ਚ ਮੁਕਾਬਲਾ ਹੰਕਾਰ ਅਤੇ ਵਿਨਰਮਤਾ ਦੇ ਵਿਚਕਾਰ ਹੈ ਕਿਉਂਕਿ ਇਕ ਪਾਸੇ ਜਿੱਥੇ ਰਵਾਇਤੀ ਪਾਰਟੀਆਂ ਦੇ ਨੇਤਾ ਗਾਲ੍ਹਾਂ ਦੇ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਦੇ ਅਤੇ ਘਰ ਆਏ ਲੋਕਾਂ ਦੀ ਬੇਇੱਜ਼ਤੀ ਕਰਦੇ ਹਨ, ਜਿਸ ਦੇ ਮੁਕਾਬਲੇ ਸੰਜੀਵ ਅਰੋੜਾ ਇਕ ਨੇਕ ਦਿਲ ਇਨਸਾਨ ਹਨ ਅਤੇ ਉਨ੍ਹਾਂ ਦੇ ਦਿਲ ’ਚ ਲੋਕਾਂ ਲਈ ਦਰਦ ਹੈ, ਜਿਸ ਕਾਰਨ ਸੰਜੀਵ ਅਰੋੜਾ ਲੁਧਿਆਣਾ ਦੇ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੇ ਅਤੇ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਬਣਨ ’ਤੇ ਲੋਕਾਂ ਦੇ ਕੰਮ ਕਰਵਾਉਣ ਲਈ ਸੰਜੀਵ ਅਰੋੜਾ ਕੋਲ ਪਾਵਰ ਵਧ ਜਾਵੇਗੀ। ਸੀ. ਐੱਮ. ਮਾਨ ਨੇ ਕਿਹਾ ਕਿ ਇੰਨੀ ਗਰਮੀ ’ਚ ਮਾਤਾਵਾਂ, ਭੈਣਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ’ਚ ਮੌਜੂਦਗੀ ਦਰਸਾਉਂਦੀ ਹੈ ਕਿ ਲੁਧਿਆਣਾ ਵੈਸਟ ਦੇ ਲੋਕ ਬਦਲਾਅ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਜੂਨ ਨੂੰ ਛੁੱਟੀ ਮਨਾਉਣ ਦੀ ਬਜਾਏ ਸਿਹਤ, ਸਿੱਖਿਆ ਸੁਵਿਧਾਵਾਂ ਅਤੇ ਇਨਫ੍ਰਾਸਟੱਕਚਰ ਡਿਵੈੱਲਪਮੈਂਟ ਦੇ ਮਾਮਲੇ ’ਚ ਆਪਣੇ ਇਲਾਕੇ ਦੇ ਭਵਿੱਖ ਲਈ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤ ਦਿਵਾਈ ਜਾਵੇ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਦਾਰੀ ਖਤਮ ਅਤੇ ਸਾਡੀ ਸ਼ੁਰੂ।
ਭਗਵੰਤ ਮਾਨ ਦੀ ਪਤਨੀ ਤੋਂ ਬਾਅਦ ਮਾਤਾ ਨੇ ਵੀ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਪ੍ਰਚਾਰ
ਸੰਜੀਵ ਅਰੋੜਾ ਨੂੰ ਜਿਤਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਪਰਿਵਾਰ ਨੇ ਵੀ ਮੋਰਚਾ ਸੰਭਾਲ ਲਿਆ ਹੈ, ਜਿਸ ਤਹਿਤ ਸੀ. ਐੱਮ. ਦੀ ਪਤਨੀ ਵੱਲੋਂ ਕਈ ਦਿਨ ਤੱਕ ਲਗਾਤਾਰ ਲੁਧਿਆਣਾ ’ਚ ਰਹਿ ਕੇ ਸੰਜੀਵ ਅਰੋੜਾ ਲਈ ਵੋਟ ਮੰਗਣ ਤੋਂ ਬਾਅਦ ਹੁਣ ਸ਼ਨੀਵਾਰ ਨੂੰ ਮਾਨ ਦੀ ਮਾਤਾ ਵੱਲੋਂ ਕਈ ਇਲਾਕਿਆਂ ’ਚ ਮੀਟਿੰਗ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ’ਚ ਵੋਟ ਪਾਉਣ ਲਈ ਲਾਮਬੰਦ ਕੀਤਾ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ।
