ਜਲੰਧਰ – ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿਚ 10 ਅਤੇ 11 ਤਾਰੀਖ਼ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤੀ ਗਈ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਮੁਤਾਬਕ ਪੰਜਾਬ ਦੇ ਕੁਝ ਹਿੱਸਿਆਂ ਵਿਚ ਬੱਦਲ ਵਾਲਾ ਮੌਸਮ ਬਣੇਗਾ ਅਤੇ ਬਾਰਿਸ਼ ਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਤਾਪਮਾਨ ਵਿਚ ਵੀ ਅਸਰ ਵੇਖਣ ਨੂੰ ਮਿਲੇਗਾ।
ਡਾ. ਕੁਲਵਿੰਦਰ ਕੌਰ ਗਿੱਲ ਨੇ ਪਿਛਲੇ ਸਾਲ ਦੇ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਵਾਰ ਵੀ ਤਾਪਮਾਨ ਫਰਵਰੀ ਮਹੀਨੇ ‘ਚ ਆਮ ਨਾਲੋਂ ਕੁਝ ਜ਼ਿਆਦਾ ਰਿਹਾ ਹੈ ਪਰ ਬਾਰਿਸ਼ ਪੈਣ ਨਾਲ ਤਾਪਮਾਨ ਵਿਚ ਬਦਲਾਅ ਵੇਖਣ ਨੂੰ ਮਿਲਿਆ ਹੈ। ਫਰਵਰੀ ਮਹੀਨੇ ‘ਚ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ। 10 ਅਤੇ 11 ਤਾਰੀਖ਼ ਨੂੰ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ, ਜੋਕਿ ਕਿਸਾਨਾਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਤਾਪਮਾਨ ਦੇ ਵਿੱਚ ਸਿਰਫ਼ ਇਕ ਤੋਂ ਦੋ ਡਿਗਰੀ ਹੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦੇ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੱਛਮੀ ਹਿਮਾਲੀਅਨ ਖੇਤਰ ‘ਚ 9 ਮਾਰਚ ਤੋਂ ਇਕ ਨਵਾਂ ਪੱਛਮੀ ਗੜਬੜ ਸਰਗਰਮ ਹੋਵੇਗਾ, ਜਿਸ ਕਾਰਨ 9 ਤੋਂ 12 ਮਾਰਚ ਤੱਕ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਫ਼ਬਾਰੀ ਅਤੇ ਬਾਰਿਸ਼ ਹੋਵੇਗੀ। ਉੱਤਰਾਖੰਡ ਵਿਚ 10 ਤੋਂ 12 ਮਾਰਚ ਤੱਕ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 7 ਮਾਰਚ ਨੂੰ ਉੱਤਰ-ਪੂਰਬੀ ਸੂਬਿਆਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਆਸਾਮ ਵਿਚ ਮੀਂਹ ਪੈ ਸਕਦਾ ਹੈ। ਬਿਹਾਰ ਵਿਚ 8 ਮਾਰਚ ਨੂੰ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।