ਗੁਰਪ੍ਰੀਤ ਸਿੰਘ :- ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਜੁਲਾਈ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਆਮ ਜਨਤਾ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਾਲ 2026 ਵਿੱਚ ਪਹਿਲੀ ਵਾਰ, 19 ਕਿਲੋਗ੍ਰਾਮ ਵਾਲੇ ਵਪਾਰਕ (Commercial) ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦਰਜ ਕੀਤੀ ਗਈ ਹੈ। ਇਹ ਨਵੀਂਆਂ ਕੀਮਤਾਂ ਅੱਜ 1 ਜੁਲਾਈ 2026 ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਹਨ। ਹਾਲਾਂਕਿ, 14.2 ਕਿਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਤੇ ਉਹ ਪੁਰਾਣੇ ਰੇਟਾਂ ‘ਤੇ ਹੀ ਸਥਿਰ ਹਨ।
ਪ੍ਰਮੁੱਖ ਮਹਾਨਗਰਾਂ ਅਤੇ ਸ਼ਹਿਰਾਂ ਵਿੱਚ ਵਪਾਰਕ ਸਿਲੰਡਰ ਦੇ ਨਵੇਂ ਰੇਟ:
ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਵੱਖ-ਵੱਖ ਸ਼ਹਿਰਾਂ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ₹173 ਤੋਂ ਲੈ ਕੇ ₹183.50 ਤੱਕ ਦੀ ਕਮੀ ਆਈ ਹੈ:
ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਲਖਨਊ: ਇੱਥੇ ਵਪਾਰਕ ਸਿਲੰਡਰ ਸਭ ਤੋਂ ਵੱਧ ₹183.50 ਸਸਤਾ ਹੋਇਆ ਹੈ। ਦਿੱਲੀ ਵਿੱਚ ਹੁਣ ਇਹ ਸਿਲੰਡਰ ₹3,113.50 ਤੋਂ ਘਟ ਕੇ ₹2,930 ਦਾ ਮਿਲੇਗਾ।
ਚੰਡੀਗੜ੍ਹ: ਟ੍ਰਾਈਸਿਟੀ ਖੇਤਰ ਵਿੱਚ ₹181.50 ਦੀ ਕਟੌਤੀ ਤੋਂ ਬਾਅਦ ਨਵੀਂ ਕੀਮਤ ₹2,954.50 ਨਿਰਧਾਰਿਤ ਕੀਤੀ ਗਈ ਹੈ।
ਕੋਲਕਾਤਾ: ਕੌਮਾਂਤਰੀ ਤਣਾਅ (ਅਮਰੀਕਾ-ਇਜ਼ਰਾਈਲ-ਈਰਾਨ ਯੁੱਧ) ਕਾਰਨ ਪਿਛਲੇ ਦਿਨੀਂ ਇੱਥੇ ਕੀਮਤਾਂ ਸਭ ਤੋਂ ਵੱਧ ਵਧੀਆਂ ਸਨ, ਪਰ ਹੁਣ ₹174 ਦੀ ਰਾਹਤ ਮਿਲਣ ਮਗਰੋਂ ਨਵਾਂ ਰੇਟ ₹3,081.50 (ਪਿਛਲੇ ਮਹੀਨੇ ₹3,255.50) ਹੋ ਗਿਆ ਹੈ।
ਪਟਨਾ: ਬਿਹਾਰ ਦੀ ਰਾਜਧਾਨੀ ਵਿੱਚ ₹173 ਦੀ ਕਮੀ ਆਈ ਹੈ, ਜਿਸ ਨਾਲ ਨਵਾਂ ਰੇਟ ₹3,227 ਪ੍ਰਤੀ ਸਿਲੰਡਰ ਹੋ ਗਿਆ ਹੈ।
ਘਰੇਲੂ ਰਸੋਈ ਗੈਸ (14.2 ਕਿਲੋਗ੍ਰਾਮ) ਦੇ ਮੌਜੂਦਾ ਰੇਟ:
ਘਰੇਲੂ ਉਪਭੋਗਤਾਵਾਂ ਲਈ ਬਜਟ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਪ੍ਰਮੁੱਖ ਸ਼ਹਿਰਾਂ ਵਿੱਚ ਕੀਮਤਾਂ ਸਥਿਰ ਹਨ:
ਮੁੰਬਈ: ₹941.50
ਦਿੱਲੀ: ₹942.00
ਚੇਨਈ: ₹957.50
ਕੋਲਕਾਤਾ: ₹968.00
ਪਿਛਲੇ ਮਹੀਨਿਆਂ ‘ਚ ਲਗਾਤਾਰ ਵਧ ਰਹੀਆਂ ਸਨ ਕੀਮਤਾਂ
ਜੁਲਾਈ ਮਹੀਨੇ ਦੀ ਇਹ ਕਟੌਤੀ ਇਸ ਲਈ ਅਹਿਮ ਹੈ ਕਿਉਂਕਿ ਪਿਛਲੇ ਚਾਰ ਮਹੀਨਿਆਂ ਤੋਂ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ। ਮਾਰਚ ਵਿੱਚ ਦੋ ਵਾਰ (1 ਮਾਰਚ ਨੂੰ ₹28 ਅਤੇ 7 ਮਾਰਚ ਨੂੰ ₹114.50) ਕੀਮਤਾਂ ਵਧੀਆਂ। ਇਸ ਤੋਂ ਬਾਅਦ ਮਈ ਮਹੀਨੇ ਵਿੱਚ ₹993 ਦਾ ਇਤਿਹਾਸਕ ਵਾਧਾ ਦੇਖਣ ਨੂੰ ਮਿਲਿਆ ਸੀ ਅਤੇ ਫਿਰ 1 ਜੂਨ ਨੂੰ ₹42 ਹੋਰ ਵਧਾਏ ਗਏ ਸਨ। ਇਸ ਲਗਾਤਾਰ ਮਹਿੰਗਾਈ ਤੋਂ ਬਾਅਦ ਹੁਣ ਮਿਲੀ ਇਹ ਪਹਿਲੀ ਰਾਹਤ ਵਪਾਰੀਆਂ ਅਤੇ ਹੋਟਲ-ਢਾਬਾ ਚਲਾਉਣ ਵਾਲਿਆਂ ਲਈ ਵੱਡੀ ਸੁੱਖ ਦਾ ਸਾਹ ਲੈ ਕੇ ਆਈ ਹੈ।
