ਨੈਸ਼ਨਲ ਟਾਈਮਜ਼ ਬਿਊਰੋ :-ਭਾਰਤ-ਪਾਕਿ ਸਰਹੱਦੀ ਇਲਾਕਿਆਂ ਵਿੱਚ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਸੁਰੱਖਿਆ ਹਦਾਇਤਾਂ ਅਨੁਸਾਰ, ਗੁਰਦਾਸਪੁਰ ਜ਼ਿਲ੍ਹੇ ਵਿੱਚ ਅਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਕਈ ਸਖ਼ਤ ਕਦਮ ਚੁੱਕੇ ਗਏ ਹਨ।
ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ 8 ਮਈ 2025 ਤੋਂ ਅਗਲੇ ਹੁਕਮਾਂ ਤੱਕ ਹਰ ਰੋਜ਼ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹਾ ਗੁਰਦਾਸਪੁਰ ‘ਚ ਪੂਰਾ ਬਲੈਕਆਊਟ ਲਾਗੂ ਰਹੇਗਾ। ਇਹ ਬਲੈਕਆਊਟ ਸਿਵਲ ਡਿਫੈਂਸ ਐਕਟ, 1968 ਦੇ ਅਧੀਨ ਲਾਗੂ ਕੀਤਾ ਗਿਆ ਹੈ।
ਇਸ ਦੌਰਾਨ ਕੇਵਲ ਕੇਂਦਰੀ ਜੇਲ੍ਹ ਅਤੇ ਹਸਪਤਾਲਾਂ ਨੂੰ ਛੂਟ ਦਿੱਤੀ ਗਈ ਹੈ, ਪਰ ਇਨ੍ਹਾਂ ਨੂੰ ਵੀ ਆਪਣੀਆਂ ਖਿੜਕੀਆਂ ਢੱਕਣੀਆਂ ਪੈਣਗੀਆਂ ਤਾਂ ਜੋ ਰੋਸ਼ਨੀ ਦੀ ਕੋਈ ਕਿਰਨ ਵੀ ਬਾਹਰ ਨਾ ਜਾ ਸਕੇ।
ਇਸ ਤੋਂ ਇਲਾਵਾ, ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਹਰਜਿੰਦਰ ਸਿੰਘ ਬੇਦੀ ਨੇ ਭਾਰਤੀ ਨਾਗਰਿਕਤਾ ਸੁਰੱਖਸ਼ਾ ਸਹਿੰਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਆਹ-ਸ਼ਾਦੀਆਂ, ਖ਼ੁਸ਼ੀਆਂ ਦੇ ਉਤਸਵਾਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਆਤਿਸ਼ਬਾਜ਼ੀ ‘ਤੇ ਪੂਰੀ ਪਾਬੰਦੀ ਲਾ ਦਿੱਤੀ ਹੈ।
ਇਹ ਪਾਬੰਦੀ ਬੰਬ, ਹਵਾਈ ਪਟਾਖਿਆਂ ਅਤੇ ਚਾਇਨੀਜ਼ ਕਰੈਕਰਾਂ ਵਰਗੀਆਂ ਸ਼ੋਰ ਵਾਲੀਆਂ ਚੀਜ਼ਾਂ ‘ਤੇ ਲਾਗੂ ਹੋਵੇਗੀ, ਕਿਉਂਕਿ ਇਨ੍ਹਾਂ ਕਾਰਨਾਂ ਕਰਕੇ ਲੋਕਾਂ ‘ਚ ਦਹਿਸ਼ਤ ਫੈਲਦੀ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਖ਼ਤਰੇ ਵਿੱਚ ਪੈਂਦੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੌਕ ਡਰਿੱਲਾਂ ਚਲ ਰਹੀਆਂ ਹਨ ਤਾਂ ਜੋ ਕਿਸੇ ਸੰਕਟ ਕਾਲ ਸਥਿਤੀ ‘ਚ ਤਿਆਰੀ ਕੀਤੀ ਜਾ ਸਕੇ।
