ਚੋਣਾਂ ਲਈ ਕਾਂਗਰਸ ਨੇ ਵੀ ਵਿੱਢੀ ਤਿਆਰੀ, ਅੱਜ ਚੰਡੀਗੜ੍ਹ ‘ਚ ਚੋਣ ਕਮੇਟੀ ਦੀ ਅਹਿਮ ਮੀਟਿੰਗ

ਗੁਰਪ੍ਰੀਤ ਸਿੰਘ :- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੀ ਤਿਆਰੀ ‘ਚ ਜੁਟ ਗਈ ਹੈ। ਇਸੇ ਕੜੀ ਤਹਿਤ ਅੱਜ 24 ਨਵੰਬਰ ਨੂੰ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦੀ ਨਵੀਂ ਬਣੀ 42 ਮੈਂਬਰੀ ਪ੍ਰਦੇਸ਼ ਚੋਣ ਕਮੇਟੀ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ‘ਚ ਪਾਰਟੀ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਵੀ ਸ਼ਾਮਲ ਹੋਣਗੇ।

ਮੀਟਿੰਗ ਦਾ ਮੁੱਖ ਏਜੰਡਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਤੇ ਪਾਰਟੀ ਦੀ ਚੋਣ ਰਣਨੀਤੀ ਤਿਆਰ ਕਰਨਾ ਹੋਵੇਗਾ। ਚਰਚਾ ਹੈ ਕਿ ਕਾਂਗਰਸ ਦਸੰਬਰ ਦੇ ਪਹਿਲੇ ਹਫ਼ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।

ਟਿਕਟਾਂ ਦੇ ਨਾਲ ਚੋਣ ਮਨੋਰਥ ਪੱਤਰ ਤੇ ਵੀ ਹੋਵੇਗੀ ਚਰਚਾ

ਅੱਜ ਦੀ ਮੀਟਿੰਗ ‘ਚ ਸਿਰਫ਼ ਉਮੀਦਵਾਰਾਂ ਦੇ ਨਾਵਾਂ ‘ਤੇ ਹੀ ਗੱਲਬਾਤ ਨਹੀਂ ਹੋਵੇਗੀ, ਸਗੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੀ ਪੂਰੀ ਰਣਨੀਤੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਚੋਣ ਪ੍ਰਚਾਰ ਕਿਵੇਂ ਚਲਾਉਣਾ ਹੈ, ਕਿਹੜੇ ਮੁੱਦਿਆਂ ਨੂੰ ਲੋਕਾਂ ਸਾਹਮਣੇ ਰੱਖਣਾ ਹੈ ਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦੀ ਮੌਜੂਦਾ ਸਥਿਤੀ ਕੀ ਹੈ, ਇਨ੍ਹਾਂ ਸਾਰੇ ਪਹਿਲੂਆਂ ‘ਤੇ ਚਰਚਾ ਹੋਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਕਾਂਗਰਸ ਨੇ 20 ਦਸੰਬਰ ਤੱਕ ਆਪਣਾ ਚੋਣ ਮਨੋਰਥ ਪੱਤਰ ਅੰਤਿਮ ਰੂਪ ਦੇਣ ਦਾ ਟੀਚਾ ਵੀ ਰੱਖਿਆ ਹੈ। ਇਸ ਲਈ ਮੀਟਿੰਗ ‘ਚ ਚੋਣ ਵਾਅਦਿਆਂ ਤੇ ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਵੀ ਵਿਚਾਰ ਹੋ ਸਕਦਾ ਹੈ।

ਉਮੀਦਵਾਰਾਂ ਦੀ ਚੋਣ ਲਈ ਬਣਾਇਆ ਗਿਆ ਖ਼ਾਸ ਪ੍ਰਕਿਰਿਆ ਤੰਤਰ

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੋਣ ਸਮੇਂ ਉਨ੍ਹਾਂ ਦੀ ਹਲਕੇ ‘ਚ ਪਕੜ, ਪਾਰਟੀ ਲਈ ਸਰਗਰਮੀ, ਸੰਗਠਨ ਨਾਲ ਤਾਲਮੇਲ ਤੇ ਲੋਕਾਂ ‘ਚ ਉਨ੍ਹਾਂ ਦੇ ਅਕਸ ਨੂੰ ਧਿਆਨ ‘ਚ ਰੱਖਿਆ ਜਾਵੇਗਾ। ਇਸ ਦੇ ਨਾਲ ਚੋਣ ਜਿੱਤਣ ਦੀ ਸਮਰੱਥਾ ਨੂੰ ਵੀ ਅਹਿਮ ਮਾਪਦੰਡ ਮੰਨਿਆ ਜਾਵੇਗਾ।

ਪ੍ਰਦੇਸ਼ ਚੋਣ ਕਮੇਟੀ ਵੱਲੋਂ ਵਿਚਾਰੇ ਗਏ ਨਾਵਾਂ ਨੂੰ ਅਗਲੀ ਜਾਂਚ ਲਈ ਤਿੰਨ ਮੈਂਬਰੀ ਸਕ੍ਰੀਨਿੰਗ ਕਮੇਟੀ ਕੋਲ ਭੇਜਿਆ ਜਾਵੇਗਾ। ਇਸ ਕਮੇਟੀ ਦੀ ਅਗਵਾਈ ਡਾ. ਸਿਰੀਵੇਲਾ ਪ੍ਰਸਾਦ ਕਰ ਰਹੇ ਹਨ। ਸਚਿਨ ਸਾਵੰਤ ਤੇ ਨਿਵੇਦਿਤਾ ਅਲਵਾ ਇਸ ਦੇ ਮੈਂਬਰ ਹਨ। ਸਕ੍ਰੀਨਿੰਗ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਤੇ ਅੰਤਿਮ ਮੋਹਰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਲਗਾਈ ਜਾਵੇਗੀ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਕਰਦੇ ਹਨ।

26 ਨਵੰਬਰ ਨੂੰ ਅੰਮ੍ਰਿਤਸਰ ‘ਚ ਹੋਵੇਗੀ ਕਾਂਗਰਸ ਦੀ ਰੈਲੀ

ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਕਾਂਗਰਸ ਨੇ ਸੂਬੇ ਦੇ ਅਹਿਮ ਮੁੱਦਿਆਂ ‘ਤੇ ਵੀ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾਈ ਹੈ। 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਅੰਮ੍ਰਿਤਸਰ ‘ਚ ਪਾਰਟੀ ਵੱਲੋਂ ਰੈਲੀ ਕੀਤੀ ਜਾਵੇਗੀ। ਇਸ ਰੈਲੀ ਦੌਰਾਨ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਤੇ ਕਥਿਤ ਵੋਟ ਚੋਰੀ ਦੇ ਮੁੱਦੇ ਚੁੱਕੇ ਜਾਣਗੇ। ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪਣ ਤੇ ਤਿਆਰੀਆਂ ਸਬੰਧੀ ਵੀ ਤਾਲਮੇਲ ਕੀਤਾ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *