ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਫੇਜ਼-1 ਅਤੇ ਫੇਜ਼-7 ਦੀ ਖੋਖਾ ਮਾਰਕਿਟ ਨੂੰ ਪੱਕੇ ਬੂਥ ਬਣਾਉਣ ਸਬੰਧੀ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ!

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨੈਸ਼ਨਲ ਟਾਈਮਜ਼ ਬਿਊਰੋ :- :ਸ਼ਹਿਰ ਦੇ ਫੇਜ਼-1 ਵਿਖੇ ਸਥਿਤ ਗੁਰੂ ਨਾਨਕ ਖੋਖਾ ਮਾਰਕਿਟ ਅਤੇ ਫੇਜ਼-7 ਵਿਖੇ ਸਥਿਤ ਰਾਜੀਵ ਗਾਂਧੀ ਖੋਖਾ ਮਾਰਕਿਟ ਵਿਖੇ ਪਿਛਲੇ ਲਗਭਗ 40 ਸਾਲਾਂ ਦੇ ਵੱਧ ਸਮੇਂ ਤੋਂ ਕੱਚੇ ਖੋਖਿਆਂ ਵਿੱਚ ਕੰਮ ਚਲਾ ਰਹੇ ਦੁਕਾਨਦਾਰਾਂ ਨੂੰ ਸਬੰਧਤ ਥਾਵਾਂ ਤੇ ਵਾਜਬ ਕੀਮਤ ਵਸੂਲ ਕਰਕੇ ਪੱਕੇ ਬੂਥ ਬਣਾ ਕੇ ਅਲਾਟ ਕਰਨ ਦਾ ਮੁੱਦਾ ਪਿਛਲੇ 2 ਸਾਲਾਂ ਤੋਂ ਸ. ਕੁਲਵੰਤ ਸਿੰਘ ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਗਮਾਡਾ ਪਾਸ ਉਠਾਉਣ ਤੋਂ ਬਾਅਦ, ਅੱਜ ਇਹ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਠਾਉਂਦੇ ਹੋਏ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਤੋਂ ਪੁੱਛਿਆ ਗਿਆ ਕਿ ਐਸ.ਏ.ਐਸ. ਨਗਰ ਦੇ ਫੇਜ਼-1 ਵਿਖੇ ਲਗਭਗ 280 ਦੁਕਾਨਾਂ ਵਾਲੀ ਗੁਰੂ ਨਾਨਕ ਖੋਖਾ ਮਾਰਕਿਟ ਅਤੇ ਫੇਜ਼-7 ਵਿਖੇ ਮੋਟਰ ਮਾਰਕਿਟ ਦੇ ਨਾਲ ਲਗਦੀ ਲਗਭਗ 70 ਦੁਕਾਨਾਂ ਵਾਲੀ ਰਾਜੀਵ ਗਾਂਧੀ ਖੋਖਾ ਮਾਰਕਿਟ ਵਿਖੇ ਪਿਛਲੇ ਲਗਭਗ 40 ਸਾਲਾਂ ਤੋਂ ਕਾਰੋਬਾਰ ਚਲਾ ਰਹੇ ਮੌਜੂਦਾ ਕਾਬਜਕਾਰਾਂ/ਦੁਕਾਨਦਾਰਾਂ ਨੂੰ ਉਨ੍ਹਾ ਦੇ ਕਬਜੇ ਹੇਠ ਵਾਲੀ ਜਮੀਨ ਦੇ ਮਾਲਕੀ ਹੱਕ ਕੁਝ ਵਾਜਬ ਕੀਮਤ ਵਸੂਲ ਕਰਕੇ ਜਾਂ ਪੱਕੇ ਬੂਥ ਬਣਾ ਕੇ ਅਲਾਟ ਕਰਨ ਦੀ ਕੋਈ ਤਜਵੀਜ ਸਰਕਾਰ ਦੇ ਵਿਚਾਰ ਅਧੀਨ ਹੈ ? ਹਲਕਾ ਵਿਧਾਇਕ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਮਕਾਨ ਤੇ ਸ਼ਹਿਰੀ ਵਿਕਾਸ ਵੱਲੋਂ ਦੱਸਿਆ ਕਿ 2006 ਵਿੱਚ ਗਮਾਡਾ ਦੇ ਹੋਂਦ ਵਿੱਚ ਆਉਣ ਤੇ ਇਨ੍ਹਾਂ ਮਾਰਕਿਟਾਂ ਦੇ ਦੁਕਾਨਦਾਰਾਂ ਦੇ ਕਬਜੇ ਨੂੰ ਲੋਕ ਹਿੱਤ ਵਿੱਚ ਜਿਉਂ ਦਾ ਤਿਉਂ ਰਹਿਣ ਦਿੱਤਾ ਗਿਆ ਸੀ ਅਤੇ ਹੁਣ ਇਨ੍ਹਾਂ ਦੁਕਾਨਾਂ ਦੇ ਕਾਬਜਕਾਰਾਂ ਨੂੰ ਕਬਜੇ ਦੇ ਅਧਾਰ ਤੇ ਮਾਲਕੀ ਹੱਕ ਅਲਾਟ ਕਰਨ ਸਬੰਧੀ ਮੁੱਖ ਪ੍ਰਸ਼ਾਸਕ ਗਮਾਡਾ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਲਦ ਤੋਂ ਜਲਦ ਸਾਰੇ ਤੱਥਾਂ ਨੂੰ ਵਾਚਣ/ਘੋਖਣ ਉਪਰੰਤ ਆਪਣੀ ਰਿਪੋਰਟ ਪੇਸ਼ ਕਰੇਗੀ ਜੋ ਕਿ ਯੋਗ ਫੈਸਲੇ ਲਈ ਸਰਕਾਰ ਨੂੰ ਭੇਜੀ ਜਾਵੇਗੀ। ਇਸ ਤੇ ਹਲਕਾ ਵਿਧਾਇਕ ਵੱਲੋਂ ਮੰਤਰੀ ਸਾਹਿਬ ਤੋਂ ਪੁੱਛਿਆ ਗਿਆ ਕਿ ਗਮਾਡਾ ਨੂੰ ਹੋਂਦ ਵਿੱਚ ਆਏ 19 ਸਾਲ ਹੋ ਚੁੱਕੇ ਹਨ ਅਤੇ ਸਿਰਫ 350 ਦੇ ਕਰੀਬ ਮਿੰਨੀ ਬੂਥ ਬਣਾਉਣ ਲਈ 19 ਸਾਲ ਲੱਗ ਚੁੱਕੇ ਹਨ। ਇਸ ਲਈ ਇਹ ਦੱਸਿਆ ਜਾਵੇ ਕਿ ਇਸ ਕੰਮ ਲਈ ਹੋਰ ਕਿੰਨੇ ਸਾਲ ਲੱਗਣਗੇ ਅਤੇ ਗਮਾਡਾ ਵੱਲੋਂ ਜੋ ਕਮੇਟੀ ਬਣਾਈ ਗਈ ਹੈ ਉਹ ਕਦੋਂ ਬਣਾਈ ਗਈ ਹੈ, ਕਮੇਟੀ ਵੱਲੋਂ ਆਪਣੀ ਰਿਪੋਰਟ ਕਦੋਂ ਤੱਕ ਦੇ ਦਿੱਤੀ ਜਾਵੇਗੀ ਅਤੇ ਕਦੋਂ ਤੱਕ ਬੂਥ ਬਣਾ ਕੇ ਦੇ ਦਿੱਤੇ ਜਾਣਗੇ ? ਹਲਕਾ ਵਿਧਾਇਕ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਮਕਾਨ ਤੇ ਸ਼ਹਿਰੀ ਵਿਕਾਸ ਵੱਲੋਂ ਦੱਸਿਆ ਗਿਆ ਕਿ ਉਕਤ ਕੰਮ ਲਈ ਬਣਾਈ ਕਮੇਟੀ ਨੂੰ ਥੋੜਾ ਸਮਾਂ ਹੋਇਆ ਹੈ ਅਤੇ 5-7 ਮਹੀਨਿਆਂ ਵਿੱਚ ਇਸ ਕੰਮ ਸਬੰਧੀ ਰਿਜ਼ਲਟ ਸਾਹਮਣੇ ਆ ਜਾਣਗੇ ਕਿਉਂਕਿ ਸਰਕਾਰ ਇਸ ਮਸਲੇ ਤੇ ਕੰਮ ਕਰ ਰਹੀ ਹੈ।ਸ. ਕੁਲਵੰਤ ਸਿੰਘ ਵੱਲੋਂ ਉਕਤ ਮੁੱਦਾ ਵਿਧਾਨ ਸਭਾ ਵਿੱਚ ਉਠਾਏ ਜਾਣ ਤੇ ਸਬੰਧਤ ਦੁਕਾਨਦਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਿਛਲੇ 40 ਸਾਲਾਂ ਤੋਂ ਪਹਿਲੀ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਗਮਾਡਾ ਉਨ੍ਹਾਂ ਨੂੰ ਜਲਦ ਹੀ ਪੱਕੇ ਬੂਥ ਬਣਾ ਕੇ ਆਲਟ ਕਰ ਦੇਵੇਗਾ।

By Gurpreet Singh

Leave a Reply

Your email address will not be published. Required fields are marked *