ਇੰਦੌਰ ਵਿੱਚ ਦੁਸ਼ਿਤ ਪਾਣੀ ਨੇ ਮਚਾਈ ਤਬਾਹੀ, 15 ਲੋਕਾਂ ਦੀ ਮੌਤ

ਮਧ੍ਯ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਭਾਰੀ ਰੂਪ ਵਿੱਚ ਦੁਸ਼ਿਤ ਹੋ ਜਾਣ ਨਾਲ ਵੱਡਾ ਸਿਹਤ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦੁਖਦਾਈ ਘਟਨਾ ਵਿੱਚ ਹੁਣ ਤੱਕ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,000 ਤੋਂ ਵੱਧ ਲੋਕ ਉਲਟੀਆਂ, ਦਸਤ, ਤੇਜ਼ ਬੁਖਾਰ ਅਤੇ ਡੀਹਾਈਡਰੇਸ਼ਨ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਬੱਚੇ, ਬਜ਼ੁਰਗ ਅਤੇ ਕਮਜ਼ੋਰ ਸਿਹਤ ਵਾਲੇ ਲੋਕ ਸ਼ਾਮਲ ਹਨ।

ਸਥਾਨਕ ਵਸਨੀਕਾਂ ਦਾ ਦੋਸ਼ ਹੈ ਕਿ ਕਈ ਦਿਨਾਂ ਤੋਂ ਪਾਣੀ ਵਿੱਚ ਬਦਬੂ ਅਤੇ ਗੰਦਗੀ ਸੀ ਅਤੇ ਇਸ ਸਬੰਧੀ ਨਿਗਮ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਸਮੇਂ ‘ਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਬਾਅਦ ਵਿੱਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਣੀ ਦੀ ਸਪਲਾਈ ਪਾਈਪਲਾਈਨ ਵਿੱਚ ਲੀਕੇਜ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਮਿਲ ਗਿਆ, ਜਿਸ ਨਾਲ ਪਾਣੀ ਵਿੱਚ ਖ਼ਤਰਨਾਕ ਬੈਕਟੀਰੀਆ ਪੈਦਾ ਹੋਏ।

ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਤੁਰੰਤ ਬੰਦ ਕਰ ਦਿੱਤੀ ਹੈ ਅਤੇ ਟੈਂਕਰਾਂ ਰਾਹੀਂ ਸਾਫ਼ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਮਰੀਜ਼ਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਹਸਪਤਾਲਾਂ ਵਿੱਚ ਐਮਰਜੈਂਸੀ ਪ੍ਰਬੰਧ ਵਧਾਏ ਗਏ ਹਨ। ਸਰਕਾਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਲਾਪਰਵਾਹੀ ਦੇ ਦੋਸ਼ਾਂ ਹੇਠ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

By Rajeev Sharma

Leave a Reply

Your email address will not be published. Required fields are marked *