ਜਲੰਧਰ – ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਹਲਕਾ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਵਿਵਾਦਤ ਬਿਆਨ ਦਿੱਤਾ। ਇੰਦਰਜੀਤ ਕੌਰ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਸਿਆਸਤ ਗਰਮਾ ਗਈ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਸੀ ਕਿ ਹੁਣ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੀ ਹੈ। “ਹੁਣ ਅਸੀਂ 92 ਜਾਂ 95 ਸੀਟਾਂ ‘ਤੇ ਨਹੀਂ ਰੁਕਾਂਗੇ, ਸਗੋਂ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਜਿੱਤ ਕੇ ਵਿਖਾਵਾਂਗੇ। ਅਸੀਂ ਵਿਰੋਧੀਆਂ ਦੀ ਧੌਣ ‘ਤੇ ਗੋਡਾ ਰੱਖ ਕੇ ਇਹ ਜਿੱਤ ਹਾਸਲ ਕਰਾਂਗੇ।

ਵਿਧਾਇਕਾ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਚਰਚਾ ਛਿੜ ਗਈ ਹੈ। ਵਿਧਾਇਕਾ ਦੀ ਇਹ ਕਥਿਤ ਵੀਡੀਓ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਜਾਰੀ ਕੀਤੀ ਹੈ, ਜਿਸ ‘ਚ ਵਿਧਾਇਕਾ 117 ਸੀਟਾਂ ਜਿੱਤਣ ਦੀ ਗੱਲ ਕਰ ਰਹੀ ਹੈ। ਕਾਂਗਰਸ ਨੇ X ‘ਤੇ ਵੀਡੀਓ ਜਾਰੀ ਕਰਦੇ ਹੋਏ ਲਿਖਿਆ ਕਿ “ਹੰਕਾਰ ਦੀ ਵੀ ਆਪਣੀ ਸੀਮਾ ਹੁੰਦੀ ਹੈ ਪਰ ‘ਆਪ’ ‘ਚ ਉਹ ਵੀ ਨਹੀਂ ਹੈ। ਇਹ ਸਿਰਫ਼ ਪੰਜਾਬ ਦੇ ‘ਆਪ’ ਵਿਧਾਇਕ ਦੀ ਭਾਸ਼ਾ ਨਹੀਂ ਹੈ, ਸਗੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਦਾ ਪ੍ਰਤੀਬਿੰਬ ਹੈ। ਜਿਹੜੇ ਲੋਕ ਮੰਨਦੇ ਹਨ ਕਿ ਪੰਜਾਬ ਨੂੰ ਡਰਾਇਆ ਜਾਂ ਦਬਾਇਆ ਜਾ ਸਕਦਾ ਹੈ, ਉਨ੍ਹਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ। ਪੰਜਾਬ ਝੁਕਦਾ ਨਹੀਂ ਹੈ। ਪੰਜਾਬ ਦਬਦਾ ਨਹੀਂ ਹੈ। ਪੰਜਾਬ ਜਾਣਦਾ ਹੈ ਕਿ ਕਿਵੇਂ ਲੜਨਾ ਹੈ। ਇਸ ਦਾ ਜਵਾਬ 2027 ਵਿੱਚ ਦਿੱਤਾ ਜਾਵੇਗਾ।
