ਮੋਹਾਲੀ ਏਅਰਪੋਰਟ ‘ਤੇ ਹੜਕੰਪ—ਫਲਾਈਟ ‘ਚ ਪਾਵਰ ਬੈਂਕ ਫਟਣ ਨਾਲ ਧੂੰਆਂ, 5 ਯਾਤਰੀ ਜ਼ਖਮੀ

ਮੋਹਾਲੀ, 5 ਮਈ (ਗੁਰਪ੍ਰੀਤ ਸਿੰਘ) : ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ‘ਤੇ ਮੰਗਲਵਾਰ ਦੁਪਹਿਰ ਕਰੀਬ 3:30 ਵਜੇ ਉਸ ਸਮੇਂ ਅਫਰਾਤਫਰੀ ਮਚ ਗਈ ਜਦੋਂ ਹੈਦਰਾਬਾਦ ਤੋਂ ਆਈ ਇੰਡੀਗੋ ਦੀ ਫਲਾਈਟ 6ਈ108 ਵਿੱਚ ਇਕ ਯਾਤਰੀ ਦਾ ਪਾਵਰ ਬੈਂਕ ਕਥਿਤ ਤੌਰ ‘ਤੇ ਫਟ ਗਿਆ। ਧਮਾਕੇ ਤੋਂ ਬਾਅਦ ਜਹਾਜ਼ ਵਿੱਚ ਧੂੰਆਂ ਫੈਲ ਗਿਆ, ਜਿਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਿਤੀ ਨੂੰ ਦੇਖਦਿਆਂ ਫਲਾਈਟ ਕਰੂ ਨੇ ਤੁਰੰਤ ਐਮਰਜੈਂਸੀ ਇਨਫਲੇਟਰ (ਸਲਾਈਡ) ਖੋਲ੍ਹ ਕੇ ਯਾਤਰੀਆਂ ਨੂੰ ਜਲਦੀ ਜਹਾਜ਼ ਤੋਂ ਬਾਹਰ ਕੱਢਿਆ।

ਇਸ ਘਟਨਾ ਦੌਰਾਨ ਪੰਜ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਰਿਚਾ ਆਰਿਆ ਆਪਣੇ ਪਤੀ ਸੌਰਵ ਅਤੇ ਦੋ ਬੱਚਿਆਂ ਨਾਲ ਗੋਆ ਤੋਂ ਹੈਦਰਾਬਾਦ ਰਾਹੀਂ ਇਸ ਫਲਾਈਟ ‘ਚ ਮੋਹਾਲੀ ਪਹੁੰਚੀ ਸੀ। ਜਹਾਜ਼ ਲੈਂਡ ਹੋਣ ਤੋਂ ਕੁਝ ਸਮੇਂ ਬਾਅਦ ਅਚਾਨਕ ਧੂੰਆਂ ਫੈਲ ਗਿਆ। ਕਰੀਬ ਦੱਸ ਮਿੰਟ ਬਾਅਦ ਐਮਰਜੈਂਸੀ ਸਲਾਈਡਾਂ ਖੋਲ੍ਹੀਆਂ ਗਈਆਂ, ਜਿਸ ਕਾਰਨ ਘਬਰਾਹਟ ਵਿੱਚ ਯਾਤਰੀ ਇੱਕ-ਦੂਜੇ ਨੂੰ ਧੱਕੇ ਦੇਣ ਲੱਗ ਪਏ। ਹਾਲਾਂਕਿ ਇਸ ਦੌਰਾਨ ਕਰੂ ਮੈਂਬਰਾਂ ਨੇ ਫਾਇਰ ਸੇਫਟੀ ਉਪਕਰਣ ਵਰਤ ਕੇ ਅੱਗ ‘ਤੇ ਕਾਬੂ ਪਾ ਲਿਆ ਅਤੇ ਵੱਡੇ ਹਾਦਸੇ ਨੂੰ ਟਾਲ ਦਿੱਤਾ।

ਸਲਾਈਡ ਰਾਹੀਂ ਜਲਦੀ ਵਿੱਚ ਹੇਠਾਂ ਉਤਰਦੇ ਸਮੇਂ ਰਿਚਾ ਆਰਿਆ ਦੇ ਖੱਬੇ ਪੈਰ ਵਿੱਚ ਗੰਭੀਰ ਚੋਟ ਲੱਗੀ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਜ਼ੀਰਕਪੁਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਪੈਰ ਵਿੱਚ ਮਲਟੀਪਲ ਫ੍ਰੈਕਚਰ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਸਰਜਰੀ ਦੀ ਲੋੜ ਦੱਸੀ ਹੈ। ਹਸਪਤਾਲ ਦੇ ਪੀ.ਆਰ.ਓ ਡਾ. ਅੰਸ਼ੁਲ ਨੇ ਦੱਸਿਆ ਕਿ ਸ਼ਾਮ ਕਰੀਬ 4:30 ਵਜੇ ਏਅਰਲਾਈਨ ਸਟਾਫ ਇੱਕ ਮਹਿਲਾ ਮਰੀਜ਼ ਨੂੰ ਲੈ ਕੇ ਆਇਆ ਸੀ, ਜਿਸ ਦੀ ਹਾਲਤ ਇਸ ਵੇਲੇ ਸਥਿਰ ਹੈ। ਫਿਲਹਾਲ ਏਅਰਪੋਰਟ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

By Gurpreet Singh

Leave a Reply

Your email address will not be published. Required fields are marked *