ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ‘ਤੇ ਕੀਤੀ ਟਿੱਪਣੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਇਹ ਵਿਵਾਦ ਇੰਨਾ ਵਧ ਗਿਆ ਕਿ ਮੁੰਬਈ ‘ਚ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਹੋਣ ਤੋਂ ਲੈ ਕੇ, ਸ਼ਿਵ ਸੈਨਾ ਵਰਕਰਾਂ ਵੱਲੋਂ ਕਾਮੇਡੀ ਕਲੱਬ ‘ਤੇ ਹਮਲਾ ਕਰਨ ਤੱਕ ਗੱਲ ਪਹੁੰਚ ਗਈ। ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਨੇ ਕੁਨਾਲ ਕਾਮਰਾ ਦੀ ਨਵੀਂ ਯੂਟਿਊਬ ਵੀਡੀਓ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ MIDC ਥਾਣੇ ‘ਚ FIR ਦਰਜ ਕਰਵਾਈ। ਉਨ੍ਹਾਂ ਨੇ ਕਾਮਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਜੇਕਰ ਦੋ ਦਿਨਾਂ ਅੰਦਰ ਉਹ ਏਕਨਾਥ ਸ਼ਿੰਦੇ ਤੋਂ ਮਾਫ਼ੀ ਨਹੀਂ ਮੰਗਦੇ, ਤਾਂ ਉਨ੍ਹਾਂ ਨੂੰ ਮੁੰਬਈ ‘ਚ ਆਜ਼ਾਦੀ ਨਾਲ ਘੁੰਮਣ ਨਹੀਂ ਦਿੱਤਾ ਜਾਵੇਗਾ। ਪਟੇਲ ਨੇ ਧਮਕੀ ਦਿੱਤੀ ਕਿ ਜੇਕਰ ਕਾਮਰਾ ਮੁੰਬਈ ‘ਚ ਕਿਸੇ ਵੀ ਜਗ੍ਹਾ ਦਿਖਾਈ ਦਿੱਤੇ, ਤਾਂ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਵੇਗਾ। ਉਨ੍ਹਾਂ ਇਹ ਮਾਮਲਾ ਵਿਧਾਨ ਸਭਾ ‘ਚ ਵੀ ਉਠਾਉਣ ਦੀ ਗੱਲ ਕਹੀ।
ਇਸ ਤੋਂ ਪਹਿਲਾਂ, ਐਤਵਾਰ ਨੂੰ ਸ਼ਿਵ ਸੈਨਾ ਵਰਕਰਾਂ ਨੇ ਖਾਰ ਸਥਿਤ ਹੈਬਿਟੈਟ ਕਾਮੇਡੀ ਕਲੱਬ ‘ਤੇ ਹਮਲਾ ਕਰ ਦਿੱਤਾ, ਜਿੱਥੇ ਕੁਨਾਲ ਕਾਮਰਾ ਆਮ ਤੌਰ ‘ਤੇ ਸ਼ੋਅ ਕਰਦੇ ਹਨ। ਇਸ ਮਾਮਲੇ ‘ਤੇ ਸ਼ਿਵ ਸੈਨਾ ਸੰਸਦ ਮੈਂਬਰ ਨਰੇਸ਼ ਮਹਾਸਕੇ ਨੇ ਕਿਹਾ ਕਿ ਕੁਨਾਲ ਕਾਮਰਾ ਇੱਕ ‘ਕਿਰਾਏ ਦਾ ਕਾਮੇਡੀਅਨ’ ਹੈ, ਜੋ ਕੁਝ ਪੈਸਿਆਂ ਦੀ ਖਾਤਰ ਉਨ੍ਹਾਂ ਦੀ ਪਾਰਟੀ ਦੇ ਨੇਤਾ ‘ਤੇ ਟਿੱਪਣੀਆਂ ਕਰ ਰਿਹਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਚ ਅਗਲਾ ਕਦਮ ਕੀ ਹੋਵੇਗਾ, ਕੀ ਕਾਮਰਾ ਮਾਫ਼ੀ ਮੰਗਣਗੇ ਜਾਂ ਇਹ ਵਿਵਾਦ ਹੋਰ ਗਹਿਰੀ ਰੂਪ ਧਾਰਨ ਕਰੇਗਾ।