ਨੈਸ਼ਨਲ ਟਾਈਮਜ਼ ਬਿਊਰੋ :- ਕੋਰੋਨਾ ਵਾਇਰਸ ਦੀ ਲਹਿਰ ਇੱਕ ਵਾਰ ਫਿਰ ਤੇਜ਼ੀ ਨਾਲ ਵਧਦੀ ਨਜ਼ਰ ਆ ਰਹੀ ਹੈ। ਦਿਨੋ ਦਿਨ ਵਧਦੇ ਕੋਰੋਨਾ ਮਾਮਲਿਆਂ ਨੇ ਫਿਰ ਚਿੰਤਾ ਵਧ ਦਿੱਤੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਮਾਮਲੇ ਵਧ ਕੇ 3,758 ਹੋ ਗਏ ਹਨ। ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ, 10 ਦਿਨਾਂ ਵਿੱਚ ਕੋਰੋਨਾ ਕੇਸਾਂ ਵਿੱਚ 15 ਗੁਣਾ ਵਾਧਾ ਹੋਇਆ ਹੈ। ਕੇਰਲ ਵਿੱਚ ਸਭ ਤੋਂ ਵੱਧ 1,400 ਮਾਮਲੇ ਹਨ, ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 506 ਮਾਮਲੇ ਹਨ।
ਦੱਸ ਦਈਏ ਕਿ ਹਰਿਆਣਾ ਵਿੱਚ ਵੀ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਜ਼ਿਆਦਾਤਰ ਮਾਮਲੇ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ (23) ਅਤੇ ਫਰੀਦਾਬਾਦ (17 ) ਤੇ ਕਰਨਾਲ (6) ਜ਼ਿਲ੍ਹੇ ਵਿੱਚ ਪਾਏ ਜਾ ਰਹੇ ਹਨ। ਪੰਚਕੂਲਾ ਵਿੱਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਹੁਣ ਤੱਕ ਪੂਰੇ ਸੂਬੇ ਵਿੱਚ ਕੋਰੋਨਾ ਦੇ 52 ਮਾਮਲੇ ਸਾਹਮਣੇ ਆ ਚੁੱਕੇ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਹਿਣਾ ਹੈ ਕਿ ਸੂਬੇ ਦੇ ਹਸਪਤਾਲ ਅਲਰਟ ਮੋਡ ‘ਤੇ ਹਨ ਅਤੇ ਇਲਾਜ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।ਕਿਸੇ ਵੀ ਹਸਪਤਾਲ ਵਿੱਚ ਕੋਈ ਕਮੀ ਨਹੀਂ ਹੈ। ਇਸ ਲਈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।
