ਅੱਜ ਦੇ ਦੌਰ ‘ਚ ਹਰ ਕੋਈ ਰੀਲਜ਼ ਬਣਾਉਣ ਦਾ ਸ਼ੌਕੀਨ ਹੈ। ਸ਼ਾਇਦ ਹੀ ਕੋਈ ਹੋਵੇਗਾ ਜਿਸਨੂੰ ਰੀਲ ਬਣਾਉਣ ‘ਚ ਦਿਲਚਸਪੀ ਨਾ ਹੋਵੇ। ਜੋ ਕੋਈ ਰੀਲ ਬਣਾਉਣ ਦਾ ਸ਼ੌਕੀਨ ਹੈ, ਇਹ ਖਬਰ ਉਸ ਲਈ ਹੈ। ਦਰਅਸਲ, ਰੀਲ ਬਣਾਉਣ ਵਾਲਿਆਂ ਨੂੰ ਝਾਰਖੰਡ ਸਰਕਾਰ 10 ਲੱਖ ਰੁਪਏ ਦੇਵੇਗੀ।
ਜਾਣਕਾਰੀ ਮੁਤਾਬਕ, ਝਾਰਖੰਡ ਸਰਕਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਆਕਸ਼ਕ ਅਤੇ ਪ੍ਰਭਾਵਸ਼ਾਲੀ ਰੀਲਜ਼ ਬਣਾਉਣ ਵਾਲੇ ਕ੍ਰਿਏਟਰਾਂ ਨੂੰ 10 ਲੱਖ ਰੁਪਏ ਤਕ ਦਿੱਤੇ ਜਾਣਗੇ। ਰੀਲਜ਼ ਬਣਾਉਣ ਲਈ ਸੋਸ਼ਲ ਮੀਡੀਆ ਇੰਫਲੂਐਂਸਰ, ਯੂਟਿਊਬਰ ਅਤੇ ਕ੍ਰਿਏਟਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਝਾਰਖੰਡ ਸਰਕਾਰ ਨੇ ਕੁੱਲ 528 ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਸੂਚੀ ਤਿਆਰ ਕੀਤੀ ਹੈ, ਜੋ 4 ਸ਼੍ਰੇਣੀਆਂ (A,B,C,D) ‘ਚ ਵੰਡੇ ਗਏ ਹਨ। ਇਨ੍ਹਾਂ ‘ਚੋਂ ਨੇਤਰਹਾਟ ਦੀਆਂ ਪਹਾੜੀਆਂ, ਹਜ਼ਾਰੀਬਾਗ ਨੈਸ਼ਨਲ ਪਾਰਕ, ਬੇਤਲਾ ਨੈਸ਼ਨਲ ਪਾਰਕ, ਦੇਵਘਰ ਦਾ ਵੈਧਨਾਥ ਧਾਮ ਅਤੇ ਤ੍ਰਿਕੂਟ ਪਰਬਤ, ਰਾਜਰੱਪਾ, ਮਲੂਟੀ ਮੰਦਰ, ਪਾਰਸਨਾਥ, ਲੁਗੂ ਬੁਰੂ, ਮੈਕਲੁਸਕੀਗੰਜ, ਆਦੀਵਾਸੀ ਤਿਉਹਾਰ ਜਿਵੇਂ ਸਰਹੁਲ, ਕਰਮਾ, ਸੋਹਰਾਈ ਆਦਿ ‘ਤੇ ਵੀ ਰੀਲਜ਼ ਬਣ ਸਕਦੀਆਂ ਹਨ।
ਖਾਸਤੌਰ ‘ਤੇ ਇਹ ਰੀਲਜ਼ ਨਵੀਆਂ ਹੋਣੀਆਂ ਚਾਹੀਦੀਆਂ ਹਨ। ਨਾਲ ਹੀ ਦਿਲਚਸਪੀ ਵੀ ਹੋਣੀ ਚਾਹੀਦੀ ਹੈ। ਕੰਟੈਂਟ ‘ਚ ਜੇਕਰ ਕੋਈ ਗੁੰਮਰਾਹਕੁੰਨ, ਨਕਾਰਾਤਮਕ ਜਾਂ ਝੂਠੀ ਗੱਲ ਹੋਵੇਗੀ ਤਾਂ ਕਾਰਵਾਈ ਕੀਤੀ ਜਾਵੇਗੀ। ਰੀਲਜ਼ ‘ਤੇ ਕਾਪੀਰਾਈਟ ਨਹੀਂ ਹੋਵੇਗਾ, ਸਰਕਾਰ ਇਸਦੀ ਵਰਤੋਂ ਕਰ ਸਕਦੀ ਹੈ, ਜੇਕਰ ਰੀਲ ਦੀ ਵਰਤੋਂ ਸਰਕਾਰ ਵੱਲੋਂ ਪ੍ਰਚਾਰ ਲਈ ਕੀਤੀ ਜਾਂਦੀ ਹੈ ਤਾਂ ਇਸਦਾ ਸਿਹਰਾ ਨਿਰਮਾਤਾ ਨੂੰ ਦਿੱਤਾ ਜਾਵੇਗਾ। ਵੱਖ-ਵੱਖ ਸੈਰ-ਸਪਾਟਾ ਸਥਾਨਾਂ ਦੀਆਂ ਰੀਲਾਂ ਬਣਾਉਣੀਆਂ ਪੈਣਗੀਆਂ, ਨਵਾਂ ਅਤੇ ਪ੍ਰਭਾਵਸ਼ਾਲੀ ਕੰਟੈਂਟ ਦੇਣਾ ਪਵੇਗਾ। 1 ਇੰਫਲੂਐਂਸਰ ਨੂੰ ਸਾਲ ‘ਚ ਸਿਰਫ 1 ਵਾਰ ਹੀ ਇਨਾਮੀ ਰਾਸ਼ੀ ਮਿਲੇਗੀ।
ਹੇਮੰਤ ਸੋਰੇਨ ਸਰਕਾਰ ਨੇ ਝਾਰਖੰਡ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਹੈ। ਪਹਿਲੀ ਵਾਰ, ਝਾਰਖੰਡ ਸਰਕਾਰ ਇਸ ਦਿਸ਼ਾ ਵਿੱਚ ਨੀਤੀਗਤ ਪਹਿਲ ਕਰਨ ਜਾ ਰਹੀ ਹੈ। ਇੱਥੇ ਬਹੁਤ ਸਾਰੀਆਂ ਦਿਲਚਸਪ ਅਤੇ ਆਕਰਸ਼ਕ ਥਾਵਾਂ ਹਨ, ਜਿਨ੍ਹਾਂ ਨੂੰ ਜੇਕਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰੀਲਾਂ ਰਾਹੀਂ ਪ੍ਰਚਾਰਿਆ ਜਾਵੇ ਤਾਂ ਸੈਲਾਨੀਆਂ ਦੀ ਗਿਣਤੀ ਵਧੇਗੀ। ਨਵੀਂ ਨੀਤੀ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗੀ। ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਸੈਲਾਨੀਆਂ ਦੀ ਗਿਣਤੀ ਵਧਣ ਨਾਲ, ਜ਼ਿਲ੍ਹਿਆਂ ਦੇ ਉਤਪਾਦਾਂ ਦਾ ਬਾਜ਼ਾਰ ਫੈਲੇਗਾ, ਮੰਗ ਵੀ ਵਧੇਗੀ। ਪਿੰਡਾਂ ਦੇ ਲੋਕਾਂ ਦੀ ਆਮਦਨ ਵਧੇਗੀ। ਝਾਰਖੰਡ ਦੇ ਕੁਦਰਤੀ ਸਥਾਨਾਂ ਜਿਵੇਂ ਕਿ ਬੇਤਲਾ ਨੈਸ਼ਨਲ ਪਾਰਕ, ਹਜ਼ਾਰੀਬਾਗ ਨੈਸ਼ਨਲ ਪਾਰਕ ਅਤੇ ਨੇਤਰਹਾਟ ਪਹਾੜੀਆਂ ਦਾ ਪ੍ਰਚਾਰ ਕਰਕੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ।