ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈਲ ਨੇ ਬੀਤੀ ਰਾਤ ਪਲਾਹੀ ਰੋਡ ਸਥਿਤ ਇੱਕ ਹੋਟਲ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਵੱਡੇ ਸਾਈਬਰ ਫਰਾਡ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਲੰਬੇ ਸਮੇਂ ਤੱਕ ਚੱਲੀ ਕਾਰਵਾਈ ਦੌਰਾਨ ਕਈ ਲੋਕਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਇੱਕ ਭਾਜਪਾ ਆਗੂ ਦਾ ਨਾਮ ਵੀ ਸਾਹਮਣੇ ਆਇਆ ਹੈ।
ਸੂਤਰਾਂ ਮੁਤਾਬਕ, ਮੌਕੇ ਤੋਂ ਲੱਖਾਂ ਰੁਪਏ ਨਕਦ, ਲੈਪਟਾਪ ਅਤੇ ਹੋਰ ਸੰਵੇਦਨਸ਼ੀਲ ਡਿਵਾਈਸਾਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਸੰਗਠਿਤ ਅਪਰਾਧ ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਹਾਲਾਂਕਿ, ਇਸ ਸਬੰਧੀ ਅਧਿਕਾਰਕ ਬਿਆਨ ਜਾਰੀ ਹੋਣਾ ਬਾਕੀ ਹੈ।
ਪੁਲਿਸ ਸਰੋਤਾਂ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਬੇਹੱਦ ਹਾਈ ਪ੍ਰੋਫਾਈਲ ਹੈ ਅਤੇ ਇਸਦੇ ਤਾਰ ਬਿਟਕੋਇਨ ਅਤੇ ਹੋਰ ਡਿਜ਼ਿਟਲ ਕਰੰਸੀ ਨਾਲ ਜੁੜੇ ਹੋਏ ਹਨ। ਇਸ ਕਰਕੇ ਜਾਂਚ ਏਜੰਸੀਆਂ ਵੱਲੋਂ ਇਸ ਕੇਸ ਨੂੰ ਵੱਧ ਗੰਭੀਰਤਾ ਨਾਲ ਖੰਗਾਲਿਆ ਜਾ ਰਿਹਾ ਹੈ।
ਇਹ ਖੁਲਾਸਾ ਪੰਜਾਬ ਵਿੱਚ ਵੱਧ ਰਹੇ ਸਾਈਬਰ ਕ੍ਰਾਈਮ ਦੇ ਖ਼ਤਰੇ ਨੂੰ ਇਕ ਵਾਰ ਫਿਰ ਉਜਾਗਰ ਕਰਦਾ ਹੈ।
