ਦਮਦਮੀ ਟਕਸਾਲ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਸਖ਼ਤ ਤਾੜਨਾ: ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦੇਣ ਦਾ ਦੋਸ਼

ਦਮਦਮੀ ਟਕਸਾਲ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਸਖ਼ਤ ਤਾੜਨਾ: ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦੇਣ ਦਾ ਦੋਸ਼

ਅੰਮ੍ਰਿਤਸਰ (ਨੈਸ਼ਨਲ ਟਾਈਮਜ਼): ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਨੇ ਅਖੌਤੀ ਖਾਲਿਸਤਾਨੀ ਆਗੂ ਸਿਮਰਜੀਤ ਸਿੰਘ ਮਾਨ ਨੂੰ ਸਖ਼ਤ ਤਾੜਨਾ ਕਰਦਿਆਂ ਉਸ ’ਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਪੰਥ ਦੀ ਮਰਿਆਦਾ ਨੂੰ ਵੰਗਾਰਨ ਦੇ ਗੰਭੀਰ ਦੋਸ਼ ਲਾਏ ਹਨ। ਭਾਈ ਸੁਖਦੇਵ ਸਿੰਘ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪਿਛਲੇ 25 ਸਾਲਾਂ ਤੋਂ ਉਹ ਪੰਥ ਪ੍ਰਵਾਣਿਤ ਜਥੇਦਾਰਾਂ ਦੇ ਸੰਦੇਸ਼ ਦਾ ਵਿਰੋਧ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁੱਲੜਬਾਜ਼ੀ ਕਿਸ ਏਜੰਸੀ ਦੀ ਸ਼ਹਿ ’ਤੇ ਕਰ ਰਿਹਾ ਹੈ।
ਜਥੇਦਾਰ ਨੇ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਜੂਨ 1984 ਦੇ ਸ਼ਹੀਦੀ ਸਮਾਗਮਾਂ ਦਾ “ਘੋਰ ਦੋਖੀ” ਕਰਾਰ ਦਿੰਦਿਆਂ ਕਿਹਾ ਕਿ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇ 400 ਸਾਲਾ ਸਮਾਗਮ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖਾਂ ਦੀਆਂ ਦਸਤਾਰਾਂ ਉਤਾਰਨ ਅਤੇ ਪੰਥਕ ਸਮਾਗਮ ਨੂੰ ਏਜੰਸੀਆਂ ਦੀ ਸ਼ਹਿ ’ਤੇ ਭੰਗ ਕਰਨ ਦੀ ਸਾਜ਼ਿਸ਼ ਕੀਤੀ।
ਭਾਈ ਸੁਖਦੇਵ ਸਿੰਘ ਨੇ ਅੱਗੇ ਦੋਸ਼ ਲਾਇਆ ਕਿ ਮਾਨ ਨੇ 2015 ਵਿੱਚ ਸਰਬੱਤ ਖਾਲਸਾ ਸੱਦ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਸੀ। ਪਰ ਹੁਣ ਉਹ ਭਾਈ ਹਵਾਰਾ ਅਤੇ ਭਾਈ ਮੰਡ ਨਾਲ “ਗੱਦਾਰੀ” ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਨੇ 2016 ਦੀ ਦੀਵਾਲੀ ਦੇ ਸਮੇਂ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੰਦੇਸ਼ ਸਮੇਂ ਦਰਸ਼ਨੀ ਡਿਓੜੀ ਅਤੇ ਤੋਸ਼ੇ ਖਾਨੇ ਦੇ ਦਰਵਾਜ਼ਿਆਂ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ। ਇਸ ਤੋਂ ਇਲਾਵਾ, ਮਾਨ ’ਤੇ ਫਰੀਦਕੋਟ ਵਿਖੇ ਐਸਐਸਪੀ ਦੇ ਕਾਰਜਕਾਲ ਦੌਰਾਨ ਮੱਤੇ ਦੀ ਸਰਾਂ ਵਿਖੇ ਗੁਰਦੁਆਰਾ ਸਾਹਿਬ ’ਤੇ ਗੋਲੀਬਾਰੀ ਕਰਵਾਉਣ ਅਤੇ ਚਾਰ ਨਿਹੰਗ ਸਿੰਘਾਂ ਨੂੰ ਸ਼ਹੀਦ ਕਰਨ ਦਾ ਵੀ ਦੋਸ਼ ਹੈ।
ਜਥੇਦਾਰ ਨੇ ਕਿਹਾ ਕਿ ਮਾਨ ਨੇ ਅੱਜ ਤੱਕ ਆਪਣੇ ਇਨ੍ਹਾਂ ਗੁਨਾਹਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਨਹੀਂ ਮੰਗੀ, ਸਗੋਂ ਲਗਾਤਾਰ ਪੰਥਕ ਮਰਿਆਦਾ ਦੀ ਬੇਅਦਬੀ, ਸਿੱਖਾਂ ਦੀਆਂ ਦਸਤਾਰਾਂ ਦੀ ਬੇਹੁਰਮਤੀ ਅਤੇ ਸ਼ਹੀਦੀ ਸਮਾਗਮਾਂ ਨੂੰ ਵਿਘਨ ਪਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ। ਉਨ੍ਹਾਂ ਨੇ ਮਾਨ ਨੂੰ ਸਵਾਲ ਕੀਤਾ ਕਿ ਉਹ ਇਹ ਸਪੱਸ਼ਟ ਕਰੇ ਕਿ ਇਨ੍ਹਾਂ ਸ਼ਰਾਰਤੀ ਕਾਰਵਾਈਆਂ ਲਈ ਉਸ ਨੂੰ ਕਿਸ ਏਜੰਸੀ ਨੇ ਸਮਰਥਨ ਦਿੱਤਾ ਸੀ।
ਭਾਈ ਸੁਖਦੇਵ ਸਿੰਘ ਨੇ ਅੱਗੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਅਜੇ ਵੀ ਪੰਥ ਵੱਲੋਂ ਨਕਾਰੇ ਗਏ ਜਥੇਦਾਰ ਨੂੰ ਸਿੱਖ ਕੌਮ ’ਤੇ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਪੰਥਕ ਏਕਤਾ ਅਤੇ ਮਰਿਆਦਾ ਲਈ ਖਤਰਨਾਕ ਹੈ। ਇਸ ਬਿਆਨ ਨੇ ਸਿੱਖ ਸੰਗਤਾਂ ਵਿੱਚ ਤਿੱਖੀ ਚਰਚਾ ਛੇੜ ਦਿੱਤੀ ਹੈ, ਅਤੇ ਇਸ ਮੁੱਦੇ ’ਤੇ ਅਗਲੇਰੀ ਕਾਰਵਾਈ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *